ਕਰਨਵੀਰ ਹੁਣ ਸੱਤਵੀਂ ਜਮਾਤ ਵਿਚ ਹੋ ਗਿਆ ਸੀ। ਉਂਜ ਤਾਂ ਉਹ ਕਾਫ਼ੀ ਚੁਸਤ-ਚਾਲਾਕ ਸੀ, ਪਰ ਪੜ੍ਹਾਈ ਵੱਲੋਂ ਉਸ ਦਾ ਗ੍ਰਾਫ਼ ਦਿਨੋ-ਦਿਨ ਨੀਵਾਂ ਹੁੰਦਾ ਜਾ ਰਿਹਾ ਸੀ। ਮੰਮੀ-ਪਾਪਾ ਵੱਲੋਂ ਵਾਰ-ਵਾਰ ਕਹਿਣ ’ਤੇ ਵੀ ਉਹ ਸਕੂਲ ਦਾ ਕੰਮ ਮਸਾਂ ਹੀ ਪੂਰਾ ਕਰਦਾ। ਅਕਸਰ ਉਸ ਦੀਆਂ ਕਾਪੀਆਂ-ਕਿਤਾਬਾਂ, ਇੱਧਰ-ਉੱਧਰ ਖਿੱਲਰੀਆਂ ਰਹਿੰਦੀਆਂ ਤੇ ਪੜ੍ਹਾਈ ਨਾਲੋਂ ਬਹੁਤਾ ਸਮਾਂ ਉਹ ਇਨ੍ਹਾਂ ਦੀ ਭਾਲ ’ਚ ਹੀ ਲਾ ਦਿੰਦਾ। ਸਕੂਲ ਬੈਗ ’ਚ ਵੀ ਉਹ ਸਾਰਾ ਕੁਝ ਇਵੇਂ ਹੀ ਬੇਤਰਤੀਬੇ ਢੰਗ ਨਾਲ ਸੁੱਟ ਰੱਖਦਾ ਤੇ ਜਦੋਂ ਕੋਈ ਪੀਰੀਅਡ ਸ਼ੁਰੂ ਹੁੰਦਾ ਤਾਂ ਉਹ ਹਾਲੇ ਆਪਣਾ ਬੈਗ ਹੀ ਫਰੋਲ ਰਿਹਾ ਹੁੰਦਾ।
ਇਸੇ ਤਰ੍ਹਾਂ ਇਕ ਦਿਨ ਪੰਜਾਬੀ ਦੀ ਜਮਾਤ ਸ਼ੁਰੂ ਹੋ ਚੁੱਕੀ ਸੀ ਤੇ ਕਰਨਵੀਰ ਹਾਲੇ ਆਪਣਾ ਬੈਗ ਹੀ ਫਰੋਲੀ ਜਾ ਰਿਹਾ ਸੀ। ਉਸ ਨੂੰ ਇੰਜ ਕਰਦਿਆਂ ਵੇਖ ਕੇ ਉਸ ਦੇ ਪੰਜਾਬੀ ਦੇ ਅਧਿਆਪਕ ਨੇ ਉਸ ਨੂੰ ਕੋਲ ਬੁਲਾਇਆ ਤੇ ਬੜੇ ਪਿਆਰ ਨਾਲ ਸਮਝਾਉਂਦਿਆਂ ਕਿਹਾ, ‘ਪੁੱਤ ਕਰਨਵੀਰ! ਸਮਾਂ ਤਾਂ ਬਹੁਤ ਕੀਮਤੀ ਹੁੰਦਾ ਹੈ ਤੇ ਤੂੰ ਆਪਣੇ ਅਵੇਸਲੇਪਣ ਕਾਰਨ ਇਸ ਨੂੰ ਐਵੇਂ ਹੀ ਗਵਾਈ ਜਾਂਦੈ। ਯਾਦ ਰੱਖ, ਸਮਾਂ ਵੀ ਉਸੇ ਦੀ ਕਦਰ ਕਰਦਾ ਹੈ ਜੋ ਸਮੇਂ ਦੀ ਕਦਰ ਕਰਦਾ।’
ਇਹ ਸੁਣ ਕਰਨਵੀਰ ਕੁਝ ਚਿਰ ਲਈ ਤਾਂ ਆਪਣੇ ਆਪ ’ਤੇ ਸ਼ਰਮਿੰਦਾ ਹੋਇਆ, ਪਰ ਛੇਤੀਂ ਹੀ ਉਹ ਫਿਰ ਸਭ ਕੁਝ ਭੁੱਲ-ਭੁਲਾ ਗਿਆ। ਅਗਲੇ ਦਿਨ ਛੁੱਟੀ ਸੀ ਤੇ ਉਸ ਦੇ ਪਾਪਾ ਨੇ ਸ਼ਹਿਰ ਸਾਮਾਨ ਲੈਣ ਜਾਣਾ ਸੀ। ਜ਼ਿੱਦ ਕਰਕੇ ਕਰਨਵੀਰ ਵੀ ਆਪਣੇ ਪਾਪਾ ਨਾਲ ਜਾਣ ਲਈ ਤਿਆਰ ਹੋ ਗਿਆ। ਰਸਤੇ ’ਚ ਉਸ ਦੇ ਪਾਪਾ ਨੇ ਪੈਟਰੋਲ ਪੁਆਉਣ ਲਈ ਆਪਣਾ ਸਕੂਟਰ ਇਕ ਪੰਪ ’ਤੇ ਰੋਕਿਆ ਤਾਂ ਉੱਥੇ ਵਾਹਵਾ ਭੀੜ ਸੀ। ਪਰ ਉੱਥੇ ਕੰਮ ਕਰਦਾ ਕਰਿੰਦਾ ਆਪਣਾ ਕੰਮ ਬੜੀ ਤੇਜ਼ੀ ਨਾਲ ਨਿਪਟਾ ਰਿਹਾ ਸੀ। ਆਪਣੇ ਨਿੱਕੇ ਜਿਹੇ ਬੈਗ ’ਚ ਉਸ ਨੇ ਸਾਰੇ ਨੋਟ ਬੜੇ ਸਲੀਕੇ ਨਾਲ ਤਰਤੀਬਵਾਰ ਰੱਖੇ ਹੋਏ ਸਨ ਤੇ ਝਟਪਟ ਲੋਕਾਂ ਦਾ ਬਕਾਇਆ ਮੋੜ ਰਿਹਾ ਸੀ। ਇਸੇ ਕਾਰਨ ਉੱਥੇ ਖੜ੍ਹੇ ਸਭ ਵਿਅਕਤੀ ਉਸ ਕਰਿੰਦੇ ਦੀਆਂ ਸਿਫ਼ਤਾਂ ਕਰ ਰਹੇ ਸਨ।
‘ਲੈ ਬਈ! ਇਹਦੇ ਕਰਕੇ ਹੀ ਆਪਾਂ ਇੱਥੇ ਤੇਲ ਪੁਆਉਣ ਆਈਦਾ।’
ਕਰਨਵੀਰ ਇਹ ਸਭ ਬਿਟ-ਬਿਟ ਝਾਕ ਰਿਹਾ ਸੀ। ਪੈਟਰੋਲ ਪੁਆ ਉਹ ਹੁਣ ਸ਼ਹਿਰ ਵਿਚ ਇਕ ਕਰਿਆਨਾ ਸਟੋਰ ’ਤੇ ਜਾ ਪੁੱਜੇ। ਦੁਕਾਨਦਾਰ ਨੂੰ ਸਾਮਾਨ ਦੀ ਲਿਸਟ ਫੜਾ ਕਰਨਵੀਰ ਤੇ ਉਸ ਦੇ ਪਾਪਾ ਸਾਹਮਣੇ ਪਏ ਬੈਂਚ ’ਤੇ ਬੈਠ ਗਏ। ਦੁਕਾਨਦਾਰ ਲਿਸਟ ਅਨੁਸਾਰ ਜਿਉਂ ਹੀ ਸਾਮਾਨ ਦੀ ਮੰਗ ਕਰਦਾ ਤਾਂ ਉੱਥੇ ਕੰਮ ਕਰਦੇ ਆਦਮੀ ਫਟਾ-ਫਟ ਉਹ ਸਾਮਾਨ ਲਿਆ ਕਾਊਂਟਰ ’ਤੇ ਧਰ ਜਾਂਦੇ। ਇੰਨੀ ਲੰਮੀ-ਚੌੜੀ ਦੁਕਾਨ ’ਚ ਹਰ ਚੀਜ਼ ਤਰਤੀਬਵਾਰ ਪਈ ਦੇਖ ਕੇ ਕਰਨਵੀਰ ਹੱਕਾ-ਬੱਕਾ ਰਹਿ ਗਿਆ। ਛੇਤੀ ਹੀ ਦੁਕਾਨਦਾਰ ਨੇ ਲਿਸਟ ਅਨੁਸਾਰ ਸਾਰਾ ਸਾਮਾਨ ਪੈਕ ਕਰ ਦਿੱਤਾ। ਉਸ ਦਾ ਹਿਸਾਬ ਕਰ ਜਦੋਂ ਕਰਨਵੀਰ ਦੇ ਪਾਪਾ ਦੁਕਾਨ ਤੋਂ ਤੁਰੇ ਤਾਂ ਕਰਨਵੀਰ ਦੇ ਹਾਵ-ਭਾਵ ਸਮਝਦਿਆਂ ਉਨ੍ਹਾਂ ਝੱਟ ਆਖਿਆ, ‘ਦੇਖਿਆ ਕਰਨਵੀਰ, ਜੇ ਸਭ ਚੀਜ਼ਾਂ ਆਪੋ-ਆਪਣੇ ਥਾਂ ਸਿਰ ਰੱਖੀਆਂ ਹੋਣ ਤਾਂ ਕਿੰਨਾ ਸਮਾਂ ਬਚਦਾ, ਚੱਲ ਇਸੇ ਖ਼ੁਸ਼ੀ ’ਚ ਹੁਣ ਤੈਨੂੰ ਰਸਤੇ ’ਚ ਜਲੇਬੀਆਂ ਖੁਆਉਂਦਾ।’
ਕਰਨਵੀਰ ਹੁਣ ਸੋਚਾਂ ’ਚ ਪੈ ਗਿਆ। ਰਸਤੇ ’ਚ ਵਾਪਸ ਆਉਂਦਿਆਂ ਉਸ ਦੀਆਂ ਅੱਖਾਂ ਅੱਗੇ ਵਾਰ-ਵਾਰ ਅੱਜ ਵਾਲੇ ਇਹ ਦੋ ਦ੍ਰਿਸ਼ ਘੁੰਮ ਰਹੇ ਸਨ। ਚਾਣਚੱਕ ਉਸ ਨੂੰ ਆਪਣੇ ਅਧਿਆਪਕ ਦੀ ਕਹੀ ਗੱਲ ਯਾਦ ਆਈ, ‘ਸਮਾਂ ਵੀ ਉਸੇ ਦੀ ਕਦਰ ਕਰਦਾ ਜੋ ਸਮੇਂ ਦੀ ਕਦਰ ਕਰਦਾ।’
ਘਰ ਆ ਕੇ ਕਰਨਵੀਰ ਨੇ ਸਭ ਤੋਂ ਪਹਿਲਾਂ ਆਪਣੀਆਂ ਕਾਪੀਆਂ-ਕਿਤਾਬਾਂ ਨੂੰ ਥਾਂ ਸਿਰ ਕੀਤਾ ਤੇ ਮਨੋਮਨੀ ਅੱਗੇ ਤੋਂ ਵੀ ਅਜਿਹਾ ਕਰਨ ਦਾ ਪ੍ਰਣ ਕੀਤਾ। ਹੌਲੀ-ਹੌਲੀ ਹੁਣ ਉਸ ਦਾ ਪੜ੍ਹਾਈ ਵਾਲਾ ਗ੍ਰਾਫ਼ ਵੀ ਉੱਚਾ ਜਾਣ ਲੱਗਾ ਤੇ ਘਰ ਅਤੇ ਸਕੂਲ ਉਸ ਦੀ ਵੀ ਕਦਰ ਪੈਣ ਲੱਗੀ।