ਮੁੰਬਈ, 5 ਨਵੰਬਰ
ਕਰੂਜ਼ ਡਰੱਗਜ਼ ਕੇਸ ਸਮੇਤ ਛੇ ਹੋਰ ਕੇਸ ਮੁੰਬਈ ਐੱਨਸੀਬੀ ਕੋਲੋਂ ਲੈ ਕੇ ਐਂਟੀ ਡਰੱਗਜ਼ ਏਜੰਸੀ ਦੀ ਦਿੱਲੀ ਇਕਾਈ ਨੂੰ ਤਬਦੀਲ ਕਰ ਦਿੱਤੇ ਗਏ ਹਨ। ਅਧਿਕਾਰੀਆਂ ਮੁਤਾਬਕ ਕੇਸ ਤਬਦੀਲੀ ਦੇ ਬਾਵਜੂਦ ਸਮੀਰ ਵਾਨਖੇੜੇ, ਜੋ ਕਰੂਜ਼ ਡਰੱਗਜ਼ ਕੇਸ ਦੀ ਜਾਂਚ ਕਰ ਰਹੇ ਸਨ, ਐੱਨਸੀਬੀ ਦੇ ਮੁੰਬਈ ਜ਼ੋਨਲ ਡਾਇਰੈਕਟਰ ਵਜੋਂ ਕੰਮ ਕਰਦੇ ਰਹਿਣਗੇ। ਵਾਨਖੇੜੇ ਨੇ ਉਨ੍ਹਾਂ ਨੂੰ ਆਰੀਅਨ ਕੇਸ ਵਿੱਚ ਜਾਂਚ ਤੋਂ ਲਾਂਭੇ ਕੀਤੇ ਜਾਣ ਦੀਆਂ ਰਿਪੋਰਟਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਨਵੀਂ ਪੇਸ਼ਕਦਮੀ ਐੱਨਸੀਬੀ ਦੀਆਂ ਮੁੰਬਈ ਤੇ ਦਿੱਲੀ ਟੀਮਾਂ ਵਿਚਾਲੇ ਵਧੇਰੇ ਤਾਲਮੇਲ ਲਈ ਹੈ। ਏਜੰਸੀ ਦੇ ਡਿਪਟੀ ਡੀਜੀ (ਦੱਖਣ-ਪੱਛਮੀ ਖੇਤਰ) ਅਸ਼ੋਕ ਜੈਨ ਨੇ ਕਿਹਾ ਕਿ ਐੱਨਸੀਬੀ ਦਿੱਲੀ ਦੀ ਟੀਮ ਆਰੀਅਨ ਖ਼ਾਨ ਦੀ ਸ਼ਮੂਲੀਅਤ ਵਾਲੇ ਕੇਸ ਸਮੇਤ ਕੁੱਲ ਛੇ ਕੇਸਾਂ ਦੀ ਤਫ਼ਤੀਸ਼ ਕਰੇਗੀ। ਅਧਿਕਾਰੀ ਨੇ ਕਿਹਾ ਕਿ ਕੇਸ ਤਬਦੀਲੀ ਪ੍ਰਸ਼ਾਸਨਿਕ ਫੈਸਲਾ ਹੈ ਤੇ ਦਿੱਲੀ ਐੱਨਸੀਬੀ ਦੀ ਟੀਮ ਸ਼ਨਿੱਚਰਵਾਰ ਨੂੰ ਮੁੰਬਈ ਪੁੱਜ ਜਾਵੇਗੀ। ਚੇਤੇ ਰਹੇ ਕਰੂਜ਼ ਡਰੱਗਜ਼ ਕੇਸ ਵਿੱਚ ਐੱਨਸੀਬੀ ਨੇ ਬੌਲੀਵੁੱਡ ਸੁਪਰਸਟਾਰ ਸ਼ਾਹਰੁਖ਼ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਸਮੇਤ ਦਰਜਨ ਦੇ ਕਰੀਬ ਲੋਕਾਂ ਨੂੰ ਹਿਰਾਸਤ ਵਿੱਚ ਲੈਣ ਮਗਰੋਂ ਗ੍ਰਿਫ਼ਤਾਰ ਕੀਤਾ ਸੀ। ਟਰਾਇਲ ਕੋਰਟ ਵੱਲੋਂ ਆਰੀਅਨ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕੀਤੇ ਜਾਣ ਮਗਰੋਂ ਬੰਬੇ ਹਾਈ ਕੋਰਟ ਨੇ ਪਿਛਲੇ ਦਿਨੀਂ ਆਰੀਅਨ ਖ਼ਾਨ, ਅਰਬਾਜ਼ ਮਰਚੈਂਟ ਤੇ ਮੁਨਮੁਨ ਧਮੇਚਾ ਦੀ ਸਖ਼ਤ ਸ਼ਰਤਾਂ ਤਹਿਤ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ ਸੀ।