ਜੈਪੁਰ, 21 ਅਪਰੈਲ
ਸਟੀਵ ਸਮਿੱਥ ਦੀ ਸ਼ਾਨਦਾਰ ਕਪਤਾਨੀ ਅਤੇ ਨੀਮ ਸੈਂਕੜੇ ਦੀ ਬਦੌਲਤ ਰਾਜਸਥਾਨ ਰੌਇਲਜ਼ ਨੇ ਅੱਜ ਇੱਥੇ ਮੁੰਬਈ ਇੰਡੀਅਨਜ਼ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਆਈਪੀਐਲ ਦੇ ਪਲੇਅ-ਆਫ ਵਿੱਚ ਥਾਂ ਬਣਾਉਣ ਦੀਆਂ ਆਪਣੀਆਂ ਉਮੀਦਾਂ ਨੂੰ ਮਜ਼ਬੂਤ ਦਿੱਤੀ ਹੈ। ਰੌਇਲਜ਼ ਨੇ ਮੈਚ ਤੋਂ ਪਹਿਲਾਂ ਅਜਿੰਕਿਆ ਰਹਾਣੇ ਦੀ ਥਾਂ ਸਮਿੱਥ ਨੂੰ ਕਪਤਾਨੀ ਸੌਂਪੀ ਸੀ।
ਆਸਟਰੇਲੀਆ ਦੇ ਇਸ ਸਾਬਕਾ ਕਪਤਾਨ ਨੇ ਹਰ ਮੋੜ ’ਤੇ ਆਪਣੇ ਅਨੁਭਵ ਨੂੰ ਚੰਗੀ ਤਰ੍ਹਾਂ ਵਰਤਿਆ। ਉਸ ਨੇ 48 ਗੇਂਦਾਂ ’ਤੇ ਨਾਬਾਦ 59 ਦੌੜਾਂ ਦੀ ਪਾਰੀ ਖੇਡੀ ਅਤੇ ਨੌਜਵਾਨ ਰਿਆਨ ਪਰਾਗ (29 ਗੇਂਦਾਂ ’ਤੇ 43 ਦੌੜਾਂ) ਨਾਲ ਚੌਥੀ ਵਿਕਟ ਲਈ 70 ਦੌੜਾਂ ਦੀ ਭਾਈਵਾਲੀ ਕੀਤੀ, ਜਿਸ ਨਾਲ ਰੌਇਲਜ਼ ਨੇ 19.1 ਓਵਰ ਵਿੱਚ ਪੰਜ ਵਿਕਟਾਂ ’ਤੇ 162 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਸੰਜੂ ਸੈਮਸਨ ਨੇ ਵੀ 19 ਗੇਂਦਾਂ ’ਤੇ 35 ਦੌੜਾਂ ਬਣਾਈਆਂ।
ਇਸ ਤੋਂ ਪਹਿਲਾਂ ਮੁੰਬਈ ਦੀ ਪਾਰੀ ਕਵਿੰਟਨ ਡੀਕਾਕ (47 ਗੇਂਦਾਂ ’ਤੇ 65 ਦੌੜਾਂ) ਦੇ ਆਲੇ-ਦੁਆਲੇ ਕੇਂਦਰਿਤ ਰਹੀ। ਉਸ ਨੇ ਸੂਰਿਆ ਕੁਮਾਰ ਯਾਦਵ (33 ਗੇਂਦਾਂ ’ਤੇ 34 ਦੌੜਾਂ) ਨਾਲ ਦੂਜੀ ਵਿਕਟ ਲਈ 97 ਦੌੜਾਂ ਬਣਾਈਆਂ। ਇਸ ਦੇ ਬਾਵਜੂਦ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਮੁੰਬਈ ਦੀ ਟੀਮ ਪੰਜ ਵਿਕਟਾਂ ’ਤੇ 161 ਦੌੜਾਂ ਹੀ ਬਣਾ ਸਕੀ। ਰਾਜਸਥਾਨ ਦੀ ਇਹ ਨੌਂ ਮੈਚਾਂ ਵਿੱਚ ਤੀਜੀ ਅਤੇ ਮੁੰਬਈ ’ਤੇ ਲਗਾਤਾਰ ਦੂਜੀ ਜਿੱਤ ਹੈ, ਜਦੋਂਕਿ ਮੁੰਬਈ ਦੀ ਦਸ ਮੈਚਾਂ ਵਿੱਚ ਚੌਥੀ ਹਾਰ ਹੈ। ਰੌਇਲਜ਼ ਦੀ ਜਿੱਤ ਵਿੱਚ ਉਸ ਦੇ ਤਿੰਨ ਗੇਂਦਬਾਜ਼ਾਂ ਲੈੱਗ ਸਪਿੰਨਰ ਸ਼੍ਰੇਅਸ ਗੋਪਾਲ (21 ਦੌੜਾਂ ਦੇਕੇ ਦੋ ਵਿਕਟਾਂ), ਜੌਫਰਾ ਆਰਚਰ (22 ਦੌੜਾਂ ਦੇ ਕੇ ਇੱਕ ਵਿਕਟ) ਅਤੇ ਸਟੂਅਰਟ ਬਿੰਨੀ (19 ਦੌੜਾਂ ਦੇ ਕੇ ਇੱਕ ਵਿਕਟ) ਦੀ ਭੂਮਿਕਾ ਵੀ ਅਹਿਮ ਰਹੀ। ਇਸ ਸਪਿੰਨਰਾਂ ਦੀ ਤਿੱਕੜੀ ਨੇ 11 ਓਵਰਾਂ ਵਿੱਚ 62 ਦੌੜਾਂ ਦਿੱਤੀਆਂ ਅਤੇ ਚਾਰ ਵਿਕਟਾਂ ਲਈਆਂ। ਆਰਚਰ ਨੇ ਜੇਕਰ ਤਿੰਨ ਕੈਚ ਨਾ ਛੱਡੇ ਹੁੰਦੇ ਤਾਂ ਮੁੰਬਈ ਦੀ ਹਾਲਤ ਹੋਰ ਪਤਲੀ ਹੋ ਸਕਦੀ ਸੀ। ਡੀਕਾਕ ਉਦੋਂ ਛੇ ਦੌੜਾਂ ’ਤੇ ਸੀ, ਜਦੋਂ ਆਰਚਰ ਉਸ ਦਾ ਕੈਚ ਨਹੀਂ ਲੈ ਸਕਿਆ।
ਇਸ ਮਗਰੋਂ ਉਸ ਨੇ ਜੈਦੇਵ ਉਨਾਦਕੱਟ ਦੀਆਂ ਗੇਂਦਾਂ ’ਤੇ ਹਾਰਦਿਕ ਪਾਂਡਿਆ (15 ਗੇਂਦਾਂ ’ਤੇ 23 ਦੌੜਾਂ) ਦੇ ਦੋ ਕੈਚ ਛੱਡੇ। ਰਾਜਸਥਾਨ ਰੌਇਲਜ਼ ਨੇ ਟੀਚੇ ਦਾ ਪਿੱਛਾ ਕਰਦਿਆਂ ਸ਼ੁਰੂ ਤੋਂ ਪ੍ਰਭਾਵਸ਼ਾਲੀ ਰਣਨੀਤੀ ਅਪਣਾਈ। ਸੈਮਸਨ ਨੇ ਪਾਰੀ ਦਾ ਆਗਾਜ਼ ਕਰਦਿਆਂ ਇਹ ਜ਼ਿੰਮੇਵਾਰੀ ਬਖ਼ੂਬੀ ਸੰਭਾਲੀ, ਪਰ ਕਪਤਾਨੀ ਤੋਂ ਹਟਾਇਆ ਗਿਆ ਰਹਾਣੇ ਸਿਰਫ਼ 12 ਦੌੜਾਂ ਹੀ ਬਣਾ ਸਕਿਆ। ਲੈੱਗ ਸਪਿੰਨਰ ਰਾਹੁਲ ਚਾਹਰ (29 ਦੌੜਾਂ ਦੇ ਕੇ ਤਿੰਨ ਵਿਕਟਾਂ) ਨੇ ਰਹਾਣੇ ਵਜੋਂ ਆਪਣੀ ਪਹਿਲੀ ਵਿਕਟ ਲਈ। ਇਸ ਤੋਂ ਬਾਅਦ ਸੈਮਸਨ ਅਤੇ ਸਮਿੱਥ ਨੇ ਮਿਲ ਕੇ ਸੱਤਵੇਂ ਓਵਰ ਤੱਕ ਸਕੋਰ 75 ਦੌੜਾਂ ’ਤੇ ਪਹੁੰਚਾ ਦਿੱਤਾ। ਅਜਿਹੇ ਵਿੱਚ ਚਾਹਰ ਨੇ ਫਿਰ ਤੋਂ ਗੇਂਦ ਸੰਭਾਲੀ ਅਤੇ ਸੈਮਸਨ ਅਤੇ ਬੇਨ ਸਟੌਕਸ (ਸਿਫ਼ਰ) ਨੂੰ ਪੰਜ ਗੇਂਦਾਂ ਦੇ ਅੰਦਰ ਪੈਵਿਲੀਅਨ ਦੀ ਰਾਹ ਵਿਖਾਈ। ਅਸਾਮ ਦੇ 17 ਸਾਲਾ ਪਰਾਗ ਨੇ ਆਪਣੇ ਕਪਤਾਨ ਦਾ ਬਖ਼ੂਬੀ ਸਾਥ ਦਿੱਤਾ ਅਤੇ ਚੰਗੇ ਸ਼ਾਟ ਮਾਰ ਕੇ ਆਪਣੇ ਹੁਨਰ ਦਾ ਸ਼ਾਨਦਾਰ ਮੁਜ਼ਾਹਰਾ ਕੀਤਾ। ਸਮਿੱਥ ਨੇ 40 ਗੇਂਦਾਂ ’ਤੇ ਆਪਣਾ ਨੀਮ ਸੈਂਕੜਾ ਪੂਰਾ ਕੀਤਾ। ਇਸ ਮਗਰੋਂ ਪਰਾਗ ਰਨ ਆਊਟ ਹੋ ਗਿਆ, ਜਦਕਿ ਐਸ਼ਟਨ ਟਰਨਰ ਲਗਾਤਾਰ ਦੂਜੇ ਮੈਚ ਵਿੱਚ ਖਾਤਾ ਨਹੀਂ ਖੋਲ੍ਹ ਸਕਿਆ।
ਬਿੰਨੀ (ਨਾਬਾਦ ਸੱਤ ਦੌੜਾਂ) ਨੇ ਜੇਤੂ ਚੌਕਾ ਮਾਰਿਆ। ਸਮਿੱਥ ਅਤੇ ਪਰਾਗ ਦੋਵਾਂ ਨੇ ਇੱਕ ਬਰਾਬਰ ਪੰਜ ਚੌਕੇ ਅਤੇ ਇੱਕ-ਇੱਕ ਛੱਕਾ ਜੜਿਆ। ਇਸ ਤੋਂ ਪਹਿਲਾਂ ਸਮਿੱਥ ਨੇ ਫੀਲਡਿੰਗ ਮੌਕੇ ਗੇਂਦਬਾਜ਼ੀ ਵਿੱਚ ਬਦਲਾਅ ਕੀਤੇ ਅਤੇ ਗੋਪਾਲ ਨੇ ਤੀਜੇ ਓਵਰ ਵਿੱਚ ਹੀ ਰੋਹਿਤ ਸ਼ਰਮਾ (ਪੰਜ ਦੌੜਾਂ) ਨੂੰ ਆਪਣੀ ਹੀ ਗੇਂਦ ’ਤੇ ਕੈਚ ਕੀਤਾ। ਮੁੰਬਈ ਦਾ ਸਕੋਰ ਤਿੰਨ ਓਵਰਾਂ ਮਗਰੋਂ ਇੱਕ ਵਿਕਟ ’ਤੇ 13 ਦੌੜਾਂ ਸੀ। ਇਸ ਮਗਰੋਂ ਧਵਲ ਕੁਲਕਰਨੀ ਜਦੋਂ ਆਪਣਾ ਦੂਜਾ ਓਵਰ ਕਰਨ ਲਈ ਆਇਆ ਤਾਂ ਡੀਕਾਕ ਨੇ ਉਸ ਨੂੰ ਲਗਾਤਾਰ ਤਿੰਨ ਚੌਕੇ ਅਤੇ ਇੱਕ ਛੱਕਾ ਮਾਰ ਕੇ ਦੌੜਾਂ ਦੀ ਰਫ਼ਤਾਰ ਤੇਜ਼ ਕਰ ਦਿੱਤੀ। ਉਸ ਨੇ 34 ਗੇਂਦਾਂ ’ਤੇ ਇਸ ਸੈਸ਼ਨ ਦਾ ਆਪਣਾ ਤੀਜਾ ਨੀਮ ਸੈਂਕੜਾ ਪੂਰਾ ਕੀਤਾ। ਸੂਰਿਆ ਕੁਮਾਰ ਦੌੜਾਂ ਬਣਾਉਣ ਲਈ ਜੂਝਦਾ ਰਿਹਾ। ਬਿੰਨੀ ਨੇ ਉਸ ਨੂੰ ਆਊਟ ਕਰਕੇ ਭਾਈਵਾਲੀ ਤੋੜੀ। ਗੋਪਾਲ ਨੇ ਅਗਲੇ ਓਵਰ ਵਿੱਚ ਡੀਕਾਕ ਦੀ ਪਾਰੀ ਦਾ ਅੰਤ ਕੀਤਾ। ਹੁਣ ਹਾਰਦਿਕ ਅਤੇ ਕੀਰੇਨ ਪੋਲਾਰਡ ਕ੍ਰੀਜ਼ ’ਤੇ ਸਨ। ਉਨਾਦਕਟ ਨੇ ਪੋਲਾਰਡ (ਦਸ ਦੌੜਾਂ) ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ। ਆਰਚਰ ਨੇ ਹਾਰਦਿਕ ਨੂੰ ਜੀਵਨਦਾਨ ਦਿੱਤਾ, ਪਰ ਉਸ ਨੇ ਐਲਬੀਡਬਲਯੂ ਆਊਟ ਕਰਕੇ ਆਪਣੀ ਗ਼ਲਤੀ ਸੁਧਾਰ ਲਈ।