ਸ਼ਮਸ਼ੇਰ ਗਿੱਲ
ਇਸੇ ਸਾਲ ਦੋ ਅਹਿਮ ਚੋਣਾਂ ਹੋਣ ਜਾ ਰਹੀਆਂ ਹਨ। 7 ਜੂਨ ਨੂੰ ਸੂਬੇ ਦੀ ਚੋਣ ਹੈ। ਨਵੀਂ ਸਰਕਾਰ ਦਾ ਗਠਨ। ਸਾਡੇ ਵਿੱਚੋਂ ਬਹੁਤੇ ਪਾਰਟੀ ਪਿੱਛੇ ਵੋਟਾਂ ਪਾਉਂਦੇ ਹਨ। ਇਹ ਵੀ ਸੱਚ ਹੈ ਕਿ ਸਾਡੀ ਵੋਟ ਅੰਤਲੇ ਦਿਨ ਤੱਕ ਸਰਵੇਖਣਾਂ ਤੇ ਨਿਰਭਰ ਕਰਦੀ ਰਹਿੰਦੀ ਹੈ। ਜੋ ਮੀਡੀਆ ਖ਼ਬਰਾਂ ਖ਼ਿਲਾਰੀ ਜਾਂਦਾ ਹੈ ਉਸ ਨੂੰ ਪੜ੍ਹ ਕੇ ਅਸੀਂ ਵੋਟ ਪਾ ਦਿੰਦੇ ਹਾਂ।
ਪਰ ਇਹਨਾਂ ਮੁਲਕਾਂ ਵਿੱਚ ਅਜਿਹਾ ਹੋਣਾ ਨਹੀਂ ਚਾਹੀਦਾ। ਤੁਹਾਡੇ ਲਈ ਸਭ ਤੋਂ ਵਧੇਰੇ ਅਹਿਮੀਅਤ ਸਹੀ ਉਮੀਦਵਾਰ ਦੀ ਹੋਣੀ ਚਾਹੀਦੀ ਹੈ। ਅਜਿਹਾ ਉਮੀਦਵਾਰ ਜਿਹੜਾ ਪਹਿਲਾਂ ਤੁਹਾਡੇ ਹਲਕੇ ਬਾਰੇ ਸੋਚੇ। ਪਾਰਟੀ ਦੀ ਸਰਕਾਰ ਆਉਣ ਤੇ ਸਮੁੱਚੇ ਸੂਬੇ ਬਾਰੇ ਕੀ-ਕੀ ਕੀਤਾ ਜਾਵੇਗਾ ਇਹ ਤਾਂ ਸਾਨੂੰ ਪਾਰਟੀਆਂ ਦੇ ਚੋਣ ਮਨੋਰਥ ਪੱਤਰਾਂ ਵਿੱਚ ਲੱਭ ਜਾਂਦਾ ਹੈ। ਇਹਨਾਂ ਵਿੱਚੋਂ ਕਿੰਨੇ ਵਾਅਦੇ ਪੂਰੇ ਹੋਣ ਵਾਲੇ ਹੁੰਦੇ ਹਨ ਉਸ ਦਾ ਵੀ ਅੰਦਾਜ਼ਾ ਲੱਗ ਜਾਂਦਾ ਹੈ।
ਇੱਕ ਹਲਕੇ ਦੇ ਉਮੀਦਵਾਰ ਵਜੋਂ ਉਸ ਦੇ ਹਲਕੇ ਦੀਆਂ ਕੀ ਨਿੱਜੀ ਜ਼ਰੂਰਤਾਂ ਹਨ, ਉਹਨਾਂ ਨੂੰ ਪੂਰਾ ਕਰਨ ਲਈ ਕੀ ਯੋਜਨਾ ਹੈ ਬਾਰੇ ਸਹੀ ਜਾਣਕਾਰੀ ਇੱਕ ਯੋਗ ਉਮੀਦਵਾਰ ਕੋਲ਼ ਹੀ ਹੋਵੇਗੀ। ਸਵਾਲ ਪੁੱਛਣ ਤੇ ਤੁਹਾਨੂੰ ਉਮੀਦਵਾਰ ਦੇ ਜਵਾਬ ਤੋਂ ਉਸ ਦੀ ਯੋਗਤਾ ਬਾਰੇ ਇਲਮ ਹੋ ਜਾਣਾ ਚਾਹੀਦਾ ਹੈ। 
ਸੂਬਾਈ ਚੋਣਾਂ ਵਿੱਚ ਲਿਬਰਲ ਪਾਰਟੀ ਦੇ ਉਮੀਦਵਾਰ ਲੰਬੇ ਸਮੇਂ ਤੋਂ ਸੱਤਾ ਵਿੱਚ ਹਨ। ਉਹਨਾਂ ਨੇ ਹੁਣ ਤੱਕ ਹਲਕੇ ਦੀਆਂ ਲੋੜਾਂ ਲਈ ਕੀ ਕੀਤਾ ਹੈ ਅਤੇ ਕੀ ਕਰਨ ਵਾਲਾ ਰਹਿ ਗਿਆ ਹੈ। ਇਹ ਕੋਈ ਸੋਚ ਨਹੀਂ ਹੋਣੀ ਚਾਹੀਦੀ ਕਿ ਜੀ ਹੁਣ ਇੱਕ ਨੂੰ ਬਹੁਤ ਸਮਾਂ ਹੋ ਗਿਆ ਹੈ ਤੇ ਬਦਲ ਦਾ ਸਮਾਂ ਆ ਗਿਆ ਹੈ। ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਤੋਂ ਸਵਾਲ ਪੁੱਛਣੇ ਅਤੀ ਜ਼ਰੂਰੀ ਹਨ। ਕੰਮ ਕਰ ਚੁੱਕੇ ਨੁਮਾਇੰਦੇ ਤੋਂ ਹਿਸਾਬ ਮੰਗਣਾ ਅਤੇ ਆਉਣ ਵਾਲੇ ਦੀ ਯੋਗਤਾ ਦੀ ਪਰਖ ਹੋਣੀ ਚਾਹੀਦੀ ਹੈ।
ਤੁਹਾਡੇ ਕੋਲ਼ ਆਪਣੀਆਂ ਰੋਜ਼ਮਰਾ ਦੀਆਂ ਜ਼ਰੂਰਤਾਂ ਦੀ ਸੂਚੀ ਹੋਣੀ ਚਾਹੀਦੀ ਹੈ ਜਿੰਨਾਂ ਦੀ ਸਾਨੂੰ ਸਭ ਨੂੰ ਘਾਟ ਮਹਿਸੂਸ ਹੁੰਦੀ ਰਹਿੰਦੀ ਹੈ। ਇਸ ਸੂਚੀ ਵਿੱਚ ਬੱਚਿਆਂ ਦੇ ਸਵਾਲਾਂ ਦੀ ਸ਼ਮੂਲੀਅਤ ਵੀ ਲਾਜ਼ਮੀ ਹੈ ਕਿ ਉਹਨਾਂ ਨੂੰ ਖੇਡ ਮੈਦਾਨਾਂ, ਨੌਕਰੀਆਂ, ਵਿਦਿਅਕ ਸੰਸਥਾਵਾਂ ਆਦਿ ਤੇ ਕੀ ਘਾਟ ਮਹਿਸੂਸ ਹੁੰਦੀ ਹੈ। ਇਹ ਸਭ ਸਵਾਲ ਆਉਣ ਵਾਲੇ ਉਮੀਦਵਾਰ ਨੂੰ ਲਿਖ਼ ਕੇ ਫੜਾਓ ਅਤੇ ਮਿਥੇ ਸਮੇਂ ਵਿੱਚ ਵੋਟ ਪਾਉਣ ਵਾਲੇ ਦਿਨ ਤੋਂ ਪਹਿਲਾਂ ਜਵਾਬ ਦੀ ਮੰਗ ਕਰੋ।
ਉਮੀਦਵਾਰ ਨੂੰ ਪਿਛਲੇ ਸਰਕਾਰ ਜਾਂ ਵਿਰੋਧੀਆਂ ਨੂੰ ਭੰਡਣ ਦਾ ਘੱਟ ਮੌਕਾ ਦਿਓ ਜਦੋਂ ਕਿ ਉਸ ਦੀ ਆਪਣੇ ਚੋਣ ਪ੍ਰੋਗਰਾਮ ਬਾਰੇ ਦੱਸਣ ਲਈ ਦਬਾਅ ਪਾਓ। ਪਿਛਲੇ ਸਰਕਾਰ ਨੇ ਕੀ ਕੀਤਾ ਹੈ ਬਾਰੇ ਤਾਂ ਸਾਨੂੰ ਸਭ ਨੂੰ ਪਤਾ ਹੈ। ਸਾਰਿਆਂ ਦੇ ਵਾਅਦੇ ਵੀ ਤਕਰੀਬਨ ਇੱਕੋ ਜਿਹੇ ਹੀ ਹੁੰਦੇ ਹਨ ਪਰ ਜੇਕਰ ਇਹ ਵਾਅਦੇ ਪੂਰੇ ਨਹੀਂ ਹੁੰਦੇ ਤਾਂ ਉਸ ਸੂਰਤ ਵਿੱਚ ਤੁਹਾਡਾ ਉਮੀਦਵਾਰ ਕੀ ਕਰੇਗਾ!
ਸੂਬਾਈ ਚੋਣਾਂ ਵਿੱਚ ਸਿਹਤ, ਨੌਕਰੀਆਂ, ਟੈਕਸ, ਸੜਕਾਂ, ਟ੍ਰੈਫਿਕ, ਇੰਸ਼ੋਰੈਂਸ, ਕਾਰੋਬਾਰ, ਜੁਰਮ, ਮਹਿੰਗਾਈ ਆਦਿ ਅਜਿਹੀਆਂ ਗੱਲਾਂ ਹਨ ਜਿੰਨ੍ਹਾਂ ਨਾਲ਼ ਸਾਡਾ ਰੋਜ਼ ਵਾਹ ਪੈਂਦਾ ਹੈ। ਇਸ ਲਈ ਅਜਿਹੇ ਉਮੀਦਵਾਰ ਨੂੰ ਨਾਂ ਚੁਣੋ ਜੋ ਸਿਰਫ ਟੌਹਰ ਬਣਾਉਣ, ਭਾਰਤ ਦੀਆਂ ਅਖ਼ਬਾਰਾਂ ਵਿੱਚ ਖ਼ਬਰਾਂ ਲਵਾਉਣ ਜਾਂ ਕਿਸੇ ਇੱਕ ਗਰੁੱਪ ਨੂੰ ਖ਼ੁਸ਼ ਕਰਨ ਲਈ ਚੋਣ ਮੈਦਾਨ ਵਿੱਚ ਆਇਆ ਹੋਵੇ। 
ਸਾਲ ਦੇ ਅੰਤ ਵਿੱਚ ਬਹੁਤ ਹੀ ਅਹਿਮ ਸ਼ਹਿਰੀ ਸਰਕਾਰਾਂ ਦੀ ਚੋਣ ਹੋਣੀ ਹੈ। ਸ਼ਹਿਰੀ ਚੋਣਾਂ ਨਾਲ਼ ਸਾਡੇ ਜ਼ਰੂਰੂ ਮੁੱਦੇ ਜੁੜੇ ਹੋਣ ਦੇ ਬਾਵਜੂਦ ਅਸੀਂ ਸਭ ਤੋਂ ਘੱਟ ਗਿਣਤੀ ਵਿੱਚ ਵੋਟ ਪਾਉਣ ਨਿੱਕਲਦੇ ਹਾਂ। ਪ੍ਰੌਪਰਟੀ ਟੈਕਸ, ਸਕੂਲ, ਸਨੋਅ, ਸੜਕਾਂ, ਪਾਰਕ, ਰੈਕਰੀਏਸ਼ਨ ਸੈਂਟਰ, ਨਵੀਂ ਸਨਅਤ, ਪੁਲਿਸ ਅਤੇ ਹੋਰ ਖ਼ੇਤਰੀ ਪ੍ਰੋਗਰਾਮਾਂ ਦੀ ਜ਼ਿੰਮੇਵਾਰ ਸ਼ਹਿਰੀ ਸਰਕਾਰ ਹੁੰਦੀ ਹੈ। ਇਹਨਾਂ ਚੋਣਾਂ ਵਿੱਚ ਬਹੁਤ ਸਾਰੇ ਅਜਿਹੇ ਉਮੀਦਵਾਰ ਆ ਜਾਂਦੇ ਹਨ ਜਿੰਨ੍ਹਾਂ ਨੂੰ ਇਹ ਜਾਣਕਾਰੀ ਵੀ ਨਹੀਂ ਹੁੰਦੀ ਕਿ ਉਹਨਾਂ ਦੇ ਅਧਿਕਾਰ ਖ਼ੇਤਰ ਵਿੱਚ ਕਿਹੜੇ ਮੁੱਦੇ ਆਉਂਦੇ ਹਨ। ਸਹੀ ਤਰਾਂ੍ਹ ਮੁੱਦੇ ਉਠਾਉਣੇ ਵੀ ਉਹਨਾਂ ਦੇ ਵੱਸ ਦੀ ਗੱਲ ਨਹੀਂ ਹੁੰਦੀ। ਬਹੁਤੇ ਕਾਰੋਬਾਰ ਵਿੱਚ ਆਪਣਾ ਨਾਮ ਚਮਕਾਉਣ ਲਈ ਵੀ 100 ਡਾਲਰ ਦੀ ਬਲੀ ਦੇਣ ਤੋਂ ਨਹੀਂ ਝਿਜਕਦੇ। ਅਜਿਹੇ ਉਮੀਦਵਾਰਾਂ ਨੂੰ ਹੱਲਾਸ਼ੇਰੀ ਨਹੀਂ ਬਲਕਿ ਸਮਝਾਉਣ ਦੀ ਲੋੜ ਹੈ ਕਿ ਇਸ ਚੋਣ ਨੂੰ ਮਜ਼ਾਕ ਨਾਂ ਬਣਾਇਆ ਜਾਵੇ। ਇਹਨਾਂ ਚੋਣਾਂ ਵਿੱਚ ਤਾਂ ਇਹ ਵੀ ਜ਼ਰੂਰੀ ਹੈ ਕਿ ਰੰਗ ਜਾਂ ਨਸਲ ਵੇਖ ਕੇ ਵੋਟ ਨਾਂ ਪਾਈ ਜਾਵੇ। ਜੇਕਰ ਕੋਈ ਸਾਡੇ ਰੰਗ ਵਾਲਾ ਨਿਕੰਮਾ ਹੈ ਤਾਂ ਉਸ ਨੂੰ ਨਕਾਰਿਆ ਜਾਵੇ ਅਤੇ ਜੇਕਰ ਕੋਈ ਸਾਡੇ ਰੰਗ ਵਾਲਾ ਕਿਸੇ ਹੋਰ ਨਾਲੋਂ ਬਿਹਤਰ ਹੋ ਸਕਦਾ ਹੈ ਤਾਂ ਵੱਧ ਤੋਂ ਵੱਧ ਸਮਰਥਨ ਦਿੱਤਾ ਜਾਵੇ।
ਇਹ ਕੋਈ ਸੋਚਣ ਵਾਲੀ ਸਿਆਣੀ ਗੱਲ ਨਹੀਂ ਕਿ ਜੇਕਰ ਸਾਡਾ ਦੋ ਦੀ ਥਾਂ ਇੱਕ ਖੜ੍ਹਾ ਹੁੰਦਾ ਤਾਂ ਸ਼ਾਇਦ ਜਿੱਤ ਜਾਂਦਾ। ਚੋਣ ਲੜਨਾ ਸਭ ਦਾ ਅਧਾਕਾਰ ਹੈ। ਜੇਕਰ ਸਾਡੇ ਵਿੱਚੋਂ ਕੋਈ ਦੋ ਵੀ ਖੜ੍ਹਦੇ ਹਨ ਤਾਂ ਘੱਟੋ-ਘੱਟ ਦੋਵੇਂ ਇੱਕ ਦੂਜੇ ਨੂੰ ਯੋਗਤਾ ਵਿੱਚ ਵੱਧ ਤੋਂ ਵੱਧ ਟੱਕਣ ਦੇਣ ਵਾਲੇ ਹੋਣੇ ਚਾਹੀਦੇ ਹਨ। ਹੋਰਾਂ ਭਾਈਚਾਰਿਆਂ ਦੇ ਲੋਕਾਂ ਵਿੱਚ ਵੀ ਹਰਮਨ ਪਿਆਰੇ ਹੋਣ ਵਾਲੇ ਹੋਣ। ਅਜਿਹੇ ਉਮੀਦਵਾਰਾਂ ਦੀ ਇਹਨਾਂ ਚੋਣਾਂ ਵਿੱਚ ਹਮੇਸ਼ਾਂ ਹੀ ਘਾਟ ਰੜਕਦੀ ਹੈ। ਏਹੀ ਕਾਰਨ ਹੈ ਕਿ ਦਹਾਕਿਆਂ ਤੋਂ ਓਥੇ ਬੈਠੇ ਐੱਲ਼ਆਰæਟੀ ਵਰਗੇ ਆਉਣ ਵਾਲੇ ਪ੍ਰੋਜੈਕਟਾਂ ਨੂੰ ਆਪਣੀ ਤਾਕਤ ਨਾਲ਼ ਵਾਪਿਸ ਮੋੜ ਦਿੰਦੇ ਹਨ ਜੋ ਸਮੇਂ ਦੀ ਲੋੜ ਤਾਂ ਹੈ ਹੀ ਸੀ ਪਰ ਹੁਣ ਪਤਾ ਨਹੀਂ ਵਾਪਿਸ ਕਦੇ ਮੌਕਾ ਆਵੇਗਾ ਜਾਂ ਨਹੀਂ। ਫੈਸਲਾ ਤੁਹਾਡੇ ਹੱਥ।