ਮੁੰਬਈ, 26 ਮਾਰਚ
ਯੁਵਰਾਜ ਸਿੰਘ ਦਾ ਕ੍ਰਿਕਟ ਭਵਿੱਖ ਬੀਤੇ ਕੁੱਝ ਸਾਲਾਂ ਤੋਂ ਚਰਚਾ ਵਿੱਚ ਰਿਹਾ ਹੈ, ਪਰ ਇਸ ਕ੍ਰਿਕਟਰ ਨੇ ਕਿਹਾ ਕਿ ਜਦੋਂ ਉਸ ਨੂੰ ਲੱਗੇਗਾ ਕਿ ਸਮਾਂ ਆ ਗਿਆ ਹੈ ਤਾਂ ਉਹ ਸਭ ਤੋਂ ਪਹਿਲਾਂ ਸੰਨਿਆਸ ਲੈ ਲਵੇਗਾ। ਕੌਮੀ ਟੀਮ ਤੋਂ ਬਾਹਰ ਚੱਲ ਰਿਹਾ ਯੁਵਰਾਜ ਪਿਛਲੇ ਕੁੱਝ ਸਮੇਂ ਦੌਰਾਨ ਆਈਪੀਐਲ ਵਿੱਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ, ਪਰ ਮੁੰਬਈ ਇੰਡੀਅਨਜ਼ ਵੱਲੋਂ ਖੇਡਦਿਆਂ ਉਸ ਨੇ ਨਵੇਂ ਸੈਸ਼ਨ ਦਾ ਸ਼ਾਨਦਾਰ ਆਗਾਜ਼ ਕੀਤਾ।
ਆਈਪੀਐਲ ਦੇ ਪਹਿਲੇ ਮੈਚ ਵਿੱਚ ਦਿੱਲੀ ਕੈਪੀਟਲਜ਼ ਖ਼ਿਲਾਫ਼ ਮੁੰਬਈ ਇੰਡੀਅਨਜ਼ ਦੀ 37 ਦੌੜਾਂ ਦੀ ਹਾਰ ਮਗਰੋਂ ਯੁਵਰਾਜ ਨੇ ਕਿਹਾ, ‘‘ਜਦੋਂ ਸਮਾਂ ਆਏਗਾ ਤਾਂ ਮੈਂ ਸਭ ਤੋਂ ਪਹਿਲਾਂ ਸੰਨਿਆਸ ਲਵਾਂਗਾ।’’ ਵਿਸ਼ਵ ਟੀ-20 2007 ਅਤੇ 2011 ਵਿਸ਼ਵ ਕੱਪ ਵਿੱਚ ਭਾਰਤ ਦੀ ਜਿੱਤ ਦੇ ਨਾਇਕ ਰਹੇ ਯੁਵਰਾਜ ਨੇ ਹਾਲਾਂਕਿ ਮੰਨਿਆ ਕਿ ਕਦੇ -ਕਦੇ ਖੇਡ ਜਾਰੀ ਰੱਖਣ ਬਾਰੇ ਉਹ ਬੇਯਕੀਨੀ ਹੋ ਜਾਂਦਾ ਹੈ।
ਰਿਸ਼ਭ ਪੰਤ ਦੀ ਪ੍ਰਸੰਸਾ ਕਰਦਿਆਂ ਯੁਵਰਾਜ ਨੇ ਕਿਹਾ ਕਿ ਉਸ ਨੂੰ ਅਜਿਹੇ ਢੰਗ ਨਾਲ ਤਰਾਸ਼ਣਾ ਚਾਹੀਦਾ ਹੈ ਤਾਂ ਕਿ ਉਹ ਭਾਰਤੀ ਕ੍ਰਿਕਟ ਵਿੱਚ ਅਗਲਾ ਵੱਡਾ ਖਿਡਾਰੀ ਬਣੇ। ਪੰਤ ਨੇ ਮੁੰਬਈ ਇੰਡੀਅਨਜ਼ ਖ਼ਿਲਾਫ਼ ਦਿੱਲੀ ਕੈਪੀਟਲਜ਼ ਵੱਲੋਂ ਖੇਡਦਿਆਂ 27 ਗੇਂਦਾਂ ਵਿੱਚ ਨਾਬਾਦ 78 ਦੌੜਾਂ ਦੀ ਪਾਰੀ ਖੇਡੀ, ਜਿਸ ਮਗਰੋਂ ਯੁਵਰਾਜ ਨੇ ਉਸ ਦੀ ਤਾਰੀਫ਼ ਕੀਤੀ। ਮੁੰਬਈ ਦੀ ਟੀਮ ਦਿੱਲੀ ਦੇ ਵੱਡੇ ਟੀਚੇ ਦਾ ਪਿੱਛਾ ਕਰਨ ਵਿੱਚ ਅਸਫਲ ਰਹੀ ਅਤੇ ਯੁਵਰਾਜ ਨੇ ਕਿਹਾ ਕਿ ਕਪਤਾਨ ਰੋਹਿਤ ਸ਼ਰਮਾ ਦੀ ਵਿਕਟ ਛੇਤੀ ਗੁਆਉਣ ਦਾ ਅਸਰ ਪਿਆ। ਦਿੱਲੀ ਕੈਪੀਟਲਜ਼ ਦੇ ਬੱਲੇਬਾਜ਼ ਇਨਗ੍ਰਾਮ ਵੀ ਖੁਸ਼ ਹੈ ਕਿ ਪੰਤ ਪਿਛਲੇ ਸਾਲ ਦੇ ਪ੍ਰਦਰਸ਼ਨ ਨੂੰ ਅੱਗੇ ਵਧਾ ਰਿਹਾ ਹੈ।