ਚੰਡੀਗੜ੍ਹ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਐੱਨਡੀਏ ਸਰਕਾਰ ਵੱਲੋਂ ਕਿਸਾਨਾਂ ਨੂੰ ਮਜ਼ਦੂਰੀ ਸਮੇਤ ਸਮੁੱਚੀ ਖੇਤੀ ਲਾਗਤ ਉੱਤੇ 50 ਫੀਸਦੀ ਤੋਂ ਵੱਧ ਮੁਨਾਫਾ ਦੇਣ ਲਈ ਅਨਾਜ, ਦਾਲਾਂ, ਤੇਲ ਦੇ ਬੀਜਾਂ ਅਤੇ ਕਪਾਹ ਦੀਆਂ ਫ਼ਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਵਿੱਚ ਵਾਧਾ ਕਰਨ ਵਾਲੇ ਫੈਸਲੇ ਦੀ ਸਰਾਹਨਾ ਕੀਤੀ ਹੈ। ਸ੍ਰੀ ਬਾਦਲ ਨੇ ਕੇਂਦਰ ਸਰਕਾਰ ਵੱਲੋਂ ਜੋਧਪੁਰ ਨਜ਼ਰਬੰਦਾਂ ਨੂੰ 2.10 ਕਰੋੜ ਰੁਪਏ ਦੀ ਰਾਹਤ ਦੇਣ ਦੇ ਫੈਸਲੇ ਦੀ ਵੀ ਸ਼ਲਾਘਾ ਕੀਤੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਵੱਖਰੇ ਬਿਆਨ ਰਾਹੀਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਉਣੀ ਦੀਆਂ 14 ਫ਼ਸਲਾਂ ਦੇ ਸਮਰਥਨ ਮੁੱਲ ਵਿੱਚ ਇਤਿਹਾਸਕ ਵਾਧਾ ਕਰਕੇ ਭਾਰਤ ਦੇ ਸਭ ਤੋਂ ਵੱਧ ਕਿਸਾਨ-ਪੱਖੀ ਪ੍ਰਧਾਨ ਮੰਤਰੀ ਅਤੇ ਅੰਨਦਾਤਾ ਦੇ ਰਖਵਾਲੇ ਦੇ ਰੂਪ ਵਿੱਚ ਇੱਕ ਵਿਲੱਖਣ ਪਛਾਣ ਹਾਸਲ ਕਰ ਲਈ ਹੈ।
ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ ਝੋਨੇ ਦੇ ਸਮਰਥਨ ਮੁੱਲ ਵਿੱਚ 200 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਰਕੇ ਕਿਸਾਨਾਂ ਨੂੰ ਮੂਰਖ ਬਣਾਇਆ ਹੈ। ਕਿਸਾਨ ਆਗੂ ਨੇ ਕਿਹਾ ਕਿ ਇਸ ਸਾਲ ਝੋਨੇ ਦੀ ਲੁਆਈ ਉਤੇ ਔਸਤ 1200 ਤੋਂ 1500 ਰੁਪਏ ਪ੍ਰਤੀ ਏਕੜ ਵੱਧ ਖਰਚ ਆਇਆ ਹੈ। ਇਹ ਭਾਅ ਪਿਛਲੇ ਸਾਲ ਦੇ ਖਰਚਿਆਂ ਉਤੇ ਅਧਾਰਿਤ ਤੈਅ ਕਰਕੇ ਐਲਾਨਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਜ਼ਮੀਨ ਦਾ ਠੇਕਾ 16000 ਰੁਪਏ ਪ੍ਰਤੀ ਏਕੜ ਹਿਸਾਬ ਵਿੱਚ ਗਿਣਦੀ ਹੈ ਜਦੋਂ ਕਿ ਠੇਕਾ 40 ਹਜ਼ਾਰ ਤੋਂ 60 ਹਜ਼ਾਰ ਰੁਪਏ ਪ੍ਰਤੀ ਏਕੜ ਹੈ, ਜਿਸ ਦੇ ਹਿਸਾਬ ਨਾਲ ਇਹ ਵਾਧਾ ਨਾਕਾਫੀ ਹੈ।