ਪਟਿਆਲਾ, 30 ਜਨਵਰੀ
ਸਵੱਛਤਾ ਸਰਵੇਖਣ-2018 ਦੇ ਬੈਨਰ ਹੇਠ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਦੀ ਸਫ਼ਾਈ ਸਬੰਧੀ ਪੜਚੋਲ ਕਰਨ ਤਹਿਤ ਤਿੰਨ ਰੋਜ਼ਾ ਦੌਰੇ ’ਤੇ ਅੱੱਜ ਪਟਿਆਲਾ ਪੁੱਜੀ ਤਿੰਨ ਮੈਂਬਰੀ ਕੇਂਦਰੀ ਟੀਮ ਨੇ ਦਿਨ ਭਰ ਨਗਰ ਨਿਗਮ ਦਫ਼ਤਰ ਵਿੱਚ ਦਸਤਾਵੇਜ਼ਾਂ ਦੀ ਜਾਂਚ  ਕੀਤੀ। ਟੀਮ ਨੇ ਅੱਜ ਸਹਾਇਕ ਕਮਿਸ਼ਨਰ ਅੰਕੁਰ ਮਹਿੰਦਰਾ ਦੇ ਕਮਰੇ ਵਿੱਚ ਫਾਈਲਾਂ ਤੇ ਹੋਰ ਦਸਤਾਵੇਜ਼ ਚੈੱਕ ਕੀਤੇ। ਰਹਿੰਦੇ ਦਸਤਾਵੇਜ਼ਾਂ ਦੀ  ਜਾਂਚ  30 ਜੂਨ ਨੂੰ ਵੀ  ਜਾਰੀ ਰਹੇਗੀ ਤੇ ਇਸ ਮਗਰੋਂ ਬਾਅਦ ਦੁਪਹਿਰ ਟੀਮ ਸ਼ਹਿਰ ਦਾ ਦੌਰਾ ਕਰ ਕੇ ਸਫ਼ਾਈ ਦਾ ਜਾਇਜ਼ਾ ਲਵੇਗੀ। ਇਸ ਦੇ ਨਾਲ ਹੀ ਟੀਮ ਵੱਲੋਂ ਲੋਕਾਂ ਤੋਂ ਵੀ ਸ਼ਹਿਰ ਦੇ ਹਾਲਾਤ ਜਾਣੇ ਜਾਣਗੇ।
ਪ੍ਰੋਗਰਾਮ ਕੋਆਰਡੀਨੇਟਰ ਅਮਨ ਸੇਖੋਂ ਤੇ ਮੈਡਮ ਮਨਪ੍ਰੀਤ ਕੌਰ ਦਾ ਕਹਿਣਾ  ਸੀ ਕਿ ਟੀਮ ਵਿੱਚ ਵਿਸ਼ਾਲ ਕੁਮਾਰ ਅਤੇ  ਸੀਜ਼ਨ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਹ ਸਰਵੇਖਣ 400 ਅੰਕਾਂ ’ਤੇ ਆਧਾਰਿਤ ਹੋਵੇਗਾ ਤੇ ਸ਼ਹਿਰ ਦੀ ਕਾਰਗੁਜ਼ਾਰੀ ਦੇ ਆਧਾਰ ’ਤੇ ਇਸ ਸਾਲ ਦੀ  ਰੈਂਕਿੰਗ ਕੀਤੀ ਜਾਵੇਗੀ।

ਪ੍ਰਸ਼ਾਸਨ ਹੋਇਆ ਪੱਬਾਂ ਭਾਰ
ਪਿਛਲੇ ਸਾਲ ਪਟਿਆਲਾ ਦੇਸ਼ ਭਰ ਵਿੱਚੋਂ ਸਫ਼ਾਈ  ਪੱਖੋਂ 411ਵੇਂ ਰੈਂਕ ’ਤੇ ਸੀ, ਜਿਸ ਵਿੱਚ ਸੁਧਾਰ ਕਰਨ ਲਈ ਇਸ ਵਾਰ ਪ੍ਰਸ਼ਾਸਨ ਅੱਡੀ ਚੋਟੀ ਦਾ ਜ਼ੋਰ ਲਾ ਰਿਹਾ ਹੈ। ਨਵੇਂ ਬਣੇ ਮੇਅਰ ਸੰਜੀਵ ਬਿੱਟੂ ਵੱਲੋਂ ਕੱਲ੍ਹ ਹੀ ਨਾਈਟ ਸਵੀਪਿੰਗ ਸਿਸਟਮ ਦੀ ਸ਼ੁਰੂਆਤ ਕੀਤੀ ਗਈ ਹੈ। ਸ਼ਹਿਰ ਦੇ ਚੌਕਾਂ ਤੇ ਹੋਰਨਾਂ ਥਾਂਵਾਂ ਦੀ ਸਫ਼ਾਈ ਸਮੇਤ ਵੱਡੀ ਗਿਣਤੀ ਵਿੱਚ ਭਿਖਾਰੀਆਂ ਨੂੰ ਵੀ ਸ਼ਹਿਰ ਤੋਂ ਬਾਹਰ ਭੇਜ ਦਿੱਤਾ ਗਿਆ ਹੈ।