ਸੈੱਲਫੋਨ ਵਰਤਣ ਦੀ ਸਕੂਲਾਂ ਵਾਲੀ ਪਾਬੰਦੀ ਘਰਾਂ ਵਿੱਚ ਵੀ ਜਰੂਰੀ – ਡਿਪਟੀ ਚੇਅਰਮੈਨ ਜੌਹਲ
ਬਰੈਂਟਪਨ, (ਬਲਜਿੰਦਰ ਸੇਖਾ) -ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਡਿਪਟੀ ਚੇਅਰਮੈਨ ਅਤੇ ਬਰੈਂਪਟਨ `ਚ ਵਾਰਡ 9 ਤੇ 10 ਦੇ ਸਕੂਲ ਬੋਰਡ ਟਰੱਸਟੀ ਸਤਪਾਲ ਸਿੰਘ ਜੌਹਲ ਨੇ ਬੀਤੇ ਦਿਨੀਂ ਦਰਜਣ ਤੋਂ ਵੱਧ ਸਕੂਲਾਂ ਦੇ ਗਰੈਜੂਏਸ਼ਨ ਸਮਾਗਮਾਂ ਵਿੱਚ ਸ਼ਮੂਲੀਅਤ ਕੀਤੀ। ਵੱਖ ਵੱਖ ਸਟੇਜਾਂ ਤੋਂ ਆਪਣੇ ਸੰਬੋਧਨ ਦੌਰਾਨ ਸ. ਜੌਹਲ ਨੇ ਦੱਸਿਆ ਕਿ ਬੱਚਿਆਂ ਦੀ ਪੜ੍ਹਾਈ ਵਿੱਚ ਸਫਲਤਾ ਵਾਸਤੇ ਬੋਰਡ, ਸਕੂਲ, ਅਤੇ ਮਾਪੇ ਸਾਰਾ ਸਾਲ ਇਕ ਟੀਮ ਵਜੋਂ ਮਿਹਨਤ ਕਰਦੇ ਹਨ ਅਤੇ ਸਿੱਟੇ ਵਜੋਂ ਵੱਡੀ ਗਿਣਤੀ ਬੱਚੇ ਤਰੱਕੀ ਦੀਆਂ ਮੰਜ਼ਿਲਾਂ ਵੱਲ੍ਹ ਅੱਗੇ ਵਧਦੇ ਹਨ। ਸ. ਜੌਹਲ ਨੇ ਮਈ 2023 ਵਿੱਚ ‘ਬਰੈਂਪਟਨ ਵਾਰਡ 9-10 ਟਰੱਸਟੀ ਐਵਾਰਡ ਫਾਰ ਸਟੂਡੈਂਟ ਐਕਸੀਲੈਂਸ’ ਸਥਾਪਿਤ ਕੀਤਾ ਸੀ। ਹਰੇਕ ਸਾਲ ਸਕੂਲਾਂ ਵਿੱਚ ਪੜ੍ਹਾਈ ਦਾ ਮਾਹੌਲ ਬੇਹਤਰ ਕਰਨ ਲਈ ਯੋਗਦਾਨ ਪਾਉਣ ਵਾਲੇ 10 ਬੱਚਿਆਂ ਨੂੰ ਉਨ੍ਹਾਂ ਦੀ 12ਵੀਂ ਦੀ ਗਰੈਜੂਏਸ਼ਨ ਮੌਕੇ ਸਨਮਾਨ ਵਜੋਂ ਇਹ ਐਵਾਰਡ ਦਿੱਤੇ ਜਾਂਦੇ ਹਨ। ਡਿਪਟੀ ਚੇਅਰਮੈਨ ਸਤਪਾਲ ਸਿੰਘ ਜੌਹਲ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਵਾਰਡ 9 `ਚ ਲੁਈਸ ਆਰਬਰ, ਤੇ ਹ੍ਰੈਲਡ ਬਰੈਥਵਿੱਟ, ਅਤੇ ਵਾਰਡ 10 ਵਿੱਚ ਸੰਦਲਵੁੱਡ, ਅਤੇ ਕੈਸਲਬਰੁੱਕ ਅਤੇ ਬੌਲਟਨ `ਚ ਹੰਬਰਵਿਊ ਸੈਕੰਡਰੀ ਸਕੂਲਾਂ ਦੇ ਬੱਚਿਆਂ ਨੂੰ ਬੀਤੀ 24 ਅਤੇ 25 ਜੂਨ ਨੂੰ ਟਰੱਸਟੀ ਦੇ ਵਿਸ਼ੇਸ਼ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਇਕ ਸਵਾਲ ਦੇ ਜਵਾਬ ਵਿੱਚ ਸ. ਜੌਹਲ ਨੇ ਦੱਸਿਆ ਕਿ ਪੰਜਾਬੀ ਭਾਈਚਾਰੇ ਵਾਸਤੇ ਇਸ ਸਾਲ ਦੀ ਵੱਡੇ ਮਾਣ ਵਾਲੀ ਗੱਲ ਇਹ ਹੋਈ ਕਿ ਬੀਤੀ 5 ਜੂਨ ਨੂੰ ਪੀਲ ਡਿਸਟ੍ਰਿਕਟ ਸਕੂਲ ਬੋਰਡ ਵਲੋਂ ਵੱਡੀ ਪੱਧਰ `ਤੇ ਕਬੱਡੀ ਮੇਲੇ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਅੱਧੀ ਦਰਜਣ ਸਕੂਲਾਂ ਦੇ ਮੁੰਡੇ ਅਤੇ ਕੁੜੀਆਂ ਦੀਆਂ 8 ਟੀਮਾਂ ਦੇ ਮੁਕਾਬਲੇ ਹੋਏ। ਉਨ੍ਹਾਂ ਦੱਸਿਆ ਕਿ ਪੰਜਾਬੀਆਂ ਦੀ ਇਸ ਖੇਡ ਨੂੰ ਬੋਰਡ ਵਲੋਂ ਪਹਿਲੀ ਵਾਰ ਇਸ ਪੱਧਰ ਉਪਰ ਪੇਸ਼ ਕੀਤਾ ਗਿਆ ਜਿਸ ਦੀ ਲੋਕਾਂ ਨੇ ਭਰਵੀਂ ਸ਼ਲਾਘਾ ਕੀਤੀ। ਬੱਚਿਆਂ ਨੇ ਇਸ ਖੇਡ ਵਿੱਚ ਬਹੁਤ ਦਿਲਚਸਪੀ ਦਿਖਾਈ। ਸ. ਜੌਹਲ ਨੇ ਦੱਸਿਆ ਕਿ ਸਕੂਲਾਂ ਵਿੱਚ ਸਤੰਬਰ 2024 ਤੋਂ ਲਾਗੂ ਕੀਤੀ ਸੈੱਲਫੋਨ ਵਰਤਣ ਦੀ ਪਾਬੰਦੀ ਸਫਲ ਹੈ ਜਿਸ ਨਾਲ਼ ਸਕੂਲਾਂ ਵਿੱਚ ਉਪੱਦਰ ਘਟੇ ਅਤੇ ਪੜ੍ਹਨ ਦਾ ਮਾਹੌਲ ਸੁਧਰਿਆ। ਡਿਪਟੀ ਚੇਅਰਮੈਨ ਸ. ਜੌਹਲ ਨੇ ਆਖਿਆ ਕਿ ਸਕੂਲਾਂ ਵਾਲੀ ਪਾਬੰਦੀ ਮਾਪਿਆਂ ਵਲੋਂ ਘਰਾਂ ਵਿੱਚ ਲਗਾਉਣਾ ਵੀ ਸਮੇਂ ਦੀ ਲੋੜ ਹੈ। ਬੱਚਿਆਂ ਨੂੰ ਲੰਚ ਖਰੀਦਣ ਵਾਸਤੇ ਘਰੋਂ ਨਕਦੀ ਦੇਣ ਦੀ ਬਜਾਏ ਮਾਪੇ ਲੰਚ ਦੇ ਕੇ ਭੇਜਣ ਤਾਂ ਨਸ਼ੇ ਖਰੀਦਣ ਤੇ ਵੇਚਣ ਦਾ ਰੁਝਾਨ ਕਾਬੂ ਕਰਨ ਵਿੱਚ ਮਦਦ ਮਿਲੇਗੀ। ਉਨ੍ਹਾਂ ਆਖਿਆ ਕਿ ਬਰੈਂਪਟਨ, ਮਿਸੀਸਾਗਾ ਅਤੇ ਕੈਲੇਡਨ ਵਿਖੇ ਪੀਲ ਸਕੂਲਾਂ ਵਿੱਚ ਪੜ੍ਹਨ ਜਾਣ ਲਈ ਬੱਚਿਆਂ ਕੋਲ਼ ਸੈੱਲਫੋਨ ਅਤੇ ਕੈਸ਼ ਦੀ ਜਰੂਰਤ ਨਹੀਂ ਹੈ। ਇਹ ਵੀ ਕਿ ਬਹੁਤ ਸਾਰੇ ਮਾਪੇ ਆਪਣਾ ਬਣਦਾ ਸਹਿਯੋਗ ਕਰ ਰਹੇ ਹਨ ਜਿਸ ਲਈ ਉਨ੍ਹਾਂ ਨੇ ਸੰਗਤ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਗਰਮੀਆਂ ਦੀਆਂ ਛੁੱਟੀਆਂ ਲਈ ਸਕੂਲ 27 ਜੂਨ ਨੂੰ ਬੰਦ ਹੋ ਗਏ ਹਨ ਅਤੇ 2 ਸਤੰਬਰ ਨੂੰ ਦੁਬਾਰਾ ਖੁਲ੍ਹ ਜਾਣਗੇ। ਇਸ ਦੌਰਾਨ ਡਿਪਟੀ ਚੇਅਰਮੈਨ ਸਤਪਾਲ ਸਿੰਘ ਜੌਹਲ ਨਾਲ਼ satpaul.singh.johal@peelsb.com ਈਮੇਲ ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ।