ਓਨਟਾਰੀਓ: ਕੈਨੇਡਾ ਵਿੱਚ ਰਹਿ ਰਹੇ ਪੰਜਾਬੀ ਮੂਲ ਦੇ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਮ੍ਰਿਤਕ ਦੀ ਪਛਾਣ ਬੀਰਇੰਦਰ ਸਿੰਘ ਵਜੋਂ ਹੋਈ ਹੈ, ਜੋ ਮੂਲ ਰੂਪ ਵਿੱਚ ਪੰਜਾਬ ਦਾ ਰਹਿਣ ਵਾਲਾ ਸੀ ਅਤੇ ਸਟੱਡੀ ਵੀਜ਼ੇ ‘ਤੇ ਕੈਨੇਡਾ ਗਿਆ ਸੀ।
ਇਹ ਘਟਨਾ 14 ਮਾਰਚ ਦੀ ਦੁਪਹਿਰ ਦੀ ਦੱਸੀ ਜਾ ਰਹੀ ਹੈ। ਅਣਪਛਾਤੇ ਹਮਲਾਵਰਾਂ ਨੇ ਹਾਈਵੇਅ-2 ‘ਤੇ ਇੱਕ ਕਾਰ ਨੂੰ ਘੇਰ ਕੇ ਉਸ ਵਿੱਚ ਸਵਾਰ ਨੌਜਵਾਨ ‘ਤੇ ਤਾਬੜਤੋੜ ਫਾਇਰਿੰਗ ਕਰ ਦਿੱਤੀ। ਪੁਲਿਸ ਅਨੁਸਾਰ, ਉਹ ਓਨਟਾਰੀਓ ਵਿੱਚ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਹਾਲ ਹੀ ਵਿੱਚ ਅਲਬਰਟਾ ਸੂਬੇ ਵਿੱਚ ਕੰਸਟ੍ਰਕਸ਼ਨ ਸੈਕਟਰ ਵਿੱਚ ਕੰਮ ਕਰ ਰਿਹਾ ਸੀ।
ਫਿਲਹਾਲ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਹਮਲਾਵਰ ਬੀਰਇੰਦਰ ਸਿੰਘ ਨੂੰ ਪਹਿਲਾਂ ਤੋਂ ਜਾਣਦੇ ਸਨ ਜਾਂ ਇਹ ਕੋਈ ਵੱਖਰੀ ਵਾਰਦਾਤ ਸੀ। ਅਜੇ ਤੱਕ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਅਤੇ ਨਾ ਹੀ ਕੋਈ ਗ੍ਰਿਫਤਾਰੀ ਹੋਈ ਹੈ।
ਇਹ ਘਟਨਾ ਉਦੋਂ ਵਾਪਰੀ ਜਦੋਂ ਬੀਰੇਂਦਰ ਸਿੰਘ ਆਪਣੇ ਕੁਝ ਦੋਸਤਾਂ ਨਾਲ ਡਰਾਈਵ ‘ਤੇ ਗਿਆ ਸੀ। ਚਸ਼ਮਦੀਦਾਂ ਅਤੇ ਸ਼ੁਰੂਆਤੀ ਜਾਂਚ ਦੇ ਅਨੁਸਾਰ, ਇੱਕ ਪਿਕਅੱਪ ਟਰੱਕ ਵਿੱਚ ਸਵਾਰ ਹਮਲਾਵਰਾਂ ਨੇ ਬੀਰੇਂਦਰ ਦੀ ਕਾਰ ਨੂੰ ਰੋਕਿਆ ਅਤੇ ਉਸ ‘ਤੇ ਗੋਲੀਬਾਰੀ ਕੀਤੀ, ਜਿਸ ਨਾਲ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਗੋਲੀਬਾਰੀ ਐਡਮਿੰਟਨ ਸ਼ਹਿਰ ਦੇ ਨੇੜੇ ਲੇਡਿਊਕ ਖੇਤਰ ਵਿੱਚ ਹੋਈ।
ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਲੇਡਿਊਕ RCMP (ਰੌਇਲ ਕੈਨੇਡੀਅਨ ਮਾਊਂਟਿਡ ਪੁਲਿਸ) ਦੀ ਮੇਜਰ ਕ੍ਰਾਈਮ ਯੂਨਿਟ ਨੇ ਜਾਂਚ ਆਪਣੇ ਹੱਥ ਵਿੱਚ ਲੈ ਲਈ ਹੈ। ਪੁਲਿਸ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਇਸ ਮਾਮਲੇ ਨਾਲ ਜੁੜੀ ਕੋਈ ਜਾਣਕਾਰੀ ਜਾਂ ਸੀਸੀਟੀਵੀ ਫੁਟੇਜ ਹੋਵੇ ਤਾਂ ਉਹ ਤੁਰੰਤ ਪੁਲਿਸ ਨੂੰ ਸੂਚਿਤ ਕਰੇ।
ਬੀਰਇੰਦਰ ਸਿੰਘ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪੰਜਾਬ ਵਿੱਚ ਉਸ ਦੇ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ। ਪਰਿਵਾਰ ਨੇ ਮੰਗ ਕੀਤੀ ਹੈ ਕਿ ਮ੍ਰਿਤਕ ਦੇਹ ਨੂੰ ਭਾਰਤ ਭੇਜਿਆ ਜਾਵੇ ਅਤੇ ਪੁਲਿਸ ਕਾਤਲਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਬੰਦ ਕੀਤਾ ਜਾਵੇ।
ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਤੋਂ ਮਾਮਲੇ ਦੀ ਨਿਰਪੱਖ ਜਾਂਚ ਅਤੇ ਕੈਨੇਡਾ ਸਰਕਾਰ ਤੋਂ ਦੋਸ਼ੀਆਂ ਦੀ ਜਲਦ ਗਿਰਫਤਾਰੀ ਦੀ ਮੰਗ ਕੀਤੀ ਹੈ। ਵਿਦੇਸ਼ ਮੰਤਰਾਲੇ ਤੋਂ ਵੀ ਇਸ ਮਾਮਲੇ ਵਿੱਚ ਦਖਲ ਦੇਣ ਦੀ ਉਮੀਦ ਜਤਾਈ ਜਾ ਰਹੀ ਹੈ।
