ਨਵੀਂ ਦਿੱਲੀ, 29 ਸਤੰਬਰ

ਸੀਨੀਅਰ ਕਾਂਗਰਸੀ ਆਗੂ ਅਤੇ ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਵੱਲੋਂ ਅੱਜ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੇ ਜਾਣ ਦੀ ਸੰਭਾਵਨਾ ਹੈ। ਇਹ ਜਾਣਕਾਰੀ ਅੱਜ ਸੂਤਰਾਂ ਨੇ ਦਿੱਤੀ। ਇਸ ਤੋਂ ਪਹਿਲਾਂ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਬਾਅਦ ਦੁਪਹਿਰ ਕਰੀਬ 1 ਵਜੇ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ। ਇਹ ਮੀਟਿੰਗਾਂ ਗਹਿਲੋਤ ਧੜੇ ਦੇ ਆਗੂਆਂ ਵੱਲੋਂ ਸੂਬੇ ਵਿੱਚ ਸੰਭਾਵੀ ਬਦਲਾਅ ਦਾ ਵਿਰੋਧ ਕੀਤੇ ਜਾਣ ਤੋਂ ਬਾਅਦ ਹੋਈਆਂ ਹਨ। ਪਾਰਟੀ ਦੀ ਅਨੁਸ਼ਾਸਨੀ ਕਮੇਟੀ ਨੇ ਗਹਿਲੋਤ ਦੇ ਵਫ਼ਾਦਾਰਾਂ ਤੇ ਰਾਜਸਥਾਨ ਦੇ ਮੰਤਰੀਆਂ ਸ਼ਾਂਤੀ ਧਾਰੀਵਾਲ, ਮਹੇਸ਼ ਜੋਸ਼ੀ ਅਤੇ ਧਰਮਿੰਦਰ ਰਾਠੌੜ ਕੋਲੋਂ ਦਸ ਦਿਨਾਂ ’ਚ ਜਵਾਬ ਮੰਗਿਆ ਹੈ ਕਿ ਉਨ੍ਹਾਂ ਖ਼ਿਲਾਫ਼ ਕਾਰਵਾਈ ਕਿਉਂ ਨਾ ਕੀਤੀ ਜਾਵੇ।