ਮੌੜ ਮੰਡੀ, 3 ਜਨਵਰੀ 

ਇੱਥੇ ਅੱਜ ਸਵੇਰੇ ਇਕ ਸਕੂਲ ਵੈਨ ਅਤੇ ਟਰੈਕਟਰ-ਟਰਾਲੀ ਵਿਚਾਲੇ ਹੋਈ ਇਕ ਭਿਆਨਕ ਟੱਕਰ ਵਿਚ ਇਕ ਵਿਦਿਆਰਥਣ ਦੀ ਮੌਤ ਹੋ ਗਈ ਜਦਕਿ ਡਰਾਈਵਰ ਤੇ ਤਿੰਨ ਵਿਦਿਆਰਥਣਾਂ ਗੰਭੀਰ ਜ਼ਖ਼ਮੀ ਹੋ ਗਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਆਦਰਸ਼ ਸਕੂਲ ਰਾਮਨਗਰ ਦੀ ਸਕੂਲ ਵੈਨ ਪਿੰਡ ਰਾਜਗੜ੍ਹ ਕੁੱਬੇ ਤੋਂ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ। ਇਸ ਦੌਰਾਨ 8.15 ਵਜੇ ਦੇ ਕਰੀਬ ਮੌੜ-ਤਲਵੰਡੀ ਰੋਡ ਰੇਲਵੇ ਓਵਰਬ੍ਰਿਜ ਕੋਲ ਇਸ ਵੈਨ ਦੀ ਸਾਹਮਣੇ ਤੋਂ ਆ ਰਹੀ ਇਕ ਟਰੈਕਟਰ-ਟਰਾਲੀ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿਚ ਵੈਨ ਦੇ ਚਾਲਕ ਅਤੇ ਤਿੰਨ ਵਿਦਿਆਰਥਣਾਂ ਨੂੰ ਕਾਫੀ ਗੰਭੀਰ ਸੱਟਾਂ ਲੱਗੀਆਂ ਅਤੇ ਇੱਕ ਵਿਦਿਆਰਥਣ ਮਨਜੋਤ ਕੌਰ ਪੁੱਤਰੀ ਅਮਨਦੀਪ ਸਿੰਘ ਵਾਸੀ ਰਾਜਗੜ੍ਹ ਕੁੱਬੇ ਜੋ ਕਿ ਗਿਆਰਵੀਂ ਜਮਾਤ ਦੀ ਵਿਦਿਆਰਥਣ ਸੀ, ਦੀ ਮੌਕੇ ’ਤੇ ਹੀ ਮੌਤ ਹੋ ਗਈ। ਜ਼ਖ਼ਮੀ ਬੱਚਿਆਂ ਨੂੰ ਮੌਕੇ ’ਤੇ ਇਕੱਤਰ ਹੋਏ ਲੋਕਾਂ ਨੇ ਇਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ, ਜਿਨ੍ਹਾਂ ਨੂੰ ਬਾਅਦ ਵਿਚ ਬਠਿੰਡਾ ਰੈਫਰ ਕਰ ਦਿੱਤਾ ਗਿਆ।