ਸੁਨਾਮ ਊਧਮ ਸਿੰਘ ਵਾਲਾ, ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਸਰਕਾਰੀ ਸਕੂਲਾਂ ਨੂੰ ਨਿੱਜੀ ਹੱਥਾਂ ਵਿਚ ਦੇਣ ਦਾ ਫ਼ੈਸਲਾ ਸਰਕਾਰ ਦੀ ਨਾਕਾਮੀ ਹੈ। ਅੱਜ ਇੱਥੇ ਪੁੱਜੇ ਲੋਕ ਸਭਾ ਮੈਂਬਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿਹਤ ਅਤੇ ਸਿੱਖਿਆ ਦੋ ਅਜਿਹੀਆਂ ਸਹੂਲਤਾਂ ਹਨ ਜਿਹੜੀਆਂ ਸਰਕਾਰ ਵੱਲੋਂ ਮੁਹੱਈਆ ਕਰਾਉਣੀਆਂ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਇਹ ਦੋਵੇਂ ਸਹੂਲਤਾਂ ਦੇਣ ਵਿਚ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਹਸਪਤਾਲਾਂ ਨੂੰ ਪ੍ਰਾਈਵੇਟ ਹੱਥਾਂ ਵਿਚ ਦੇ ਕੇ ਆਮ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਤੋਂ ਦੂਰ ਕੀਤਾ ਤੇ ਹੁਣ ਸਰਕਾਰੀ ਸਕੂਲਾਂ ਦੀ ਸਹੂਲਤ ਖੋਹ ਰਹੀ ਹੈ। ਉਨ੍ਹਾਂ ਤਨਜ਼ ਕਸਦੇ ਹੋਏ ਕਿਹਾ, ‘‘ਸਭ ਕੁਝ ਪ੍ਰਾਈਵੇਟ ਹੋ ਜਾਣਾ, ਬੱਸ ਕੈਪਟਨ ਸਾਹਿਬ ਦਾ ਹੈਲੀਕਾਪਟਰ ਈ ਸਰਕਾਰੀ ਰਹਿ ਜਾਣੈ।’’
ਬੇਅਦਬੀ ਮਾਮਲਿਆਂ ਵਿਚ ਉਨ੍ਹਾਂ ਕਿਹਾ ਕਿ ਇਸ ਵਿਚ ਅਕਾਲੀ ਅਤੇ ਕਾਂਗਰਸ ਦੋਵੇਂ ਬਰਾਬਰ ਦੇ ਦੋਸ਼ੀ ਹਨ। ਬਰਗਾੜੀ ਕਾਂਡ ਤੋਂ ਬਾਅਦ ਅਕਾਲੀ ਡੇਢ ਸਾਲ ਤੱਕ ਰਾਜ ਕਰ ਗਏ ਤੇ ਡੇਢ ਸਾਲ ਹੀ ਕੈਪਟਨ ਨੂੰ ਸੱਤਾ ਸੰਭਾਲੇ ਹੋ ਗਿਆ, ਪਰ ਬਣਿਆ ਕੁਝ ਨਹੀਂ।