ਨਵੀਂ ਦਿੱਲੀ: ਨੈੱਟਫਲਿਕਸ ਦੇ ਸ਼ੋਅ ‘ਸਕੂਪ’ ਅਤੇ ਇਸ ਦੀ ਮੁੱਖ ਅਦਾਕਾਰਾ ਕ੍ਰਿਸ਼ਮਾ ਤੰਨਾ ਏਸ਼ੀਆ ਕੰਟੈਂਟਸ ਐਵਾਰਡਜ਼ ਅਤੇ ਗਲੋਬਲ ਓਟੀਟੀ ਐਵਾਰਡਸ 2023 ਲਈ ਨਾਮਜ਼ਦ ਹੋਏ ਹਨ, ਜਿਸ ਦਾ ਐਲਾਨ ਪ੍ਰਬੰਧਕਾਂ ਨੇ ਅੱਜ ਕੀਤਾ ਹੈ। ਦੱਸਣਾ ਬਣਦਾ ਹੈ ਕਿ ਏਸ਼ੀਆ ਕੰਟੈਂਟਸ ਐਵਾਰਡਜ਼ ਅਤੇ ਗਲੋਬਲ ਓਟੀਟੀ ਐਵਾਰਡ ਹਰ ਸਾਲ ਉਨ੍ਹਾਂ ਨੂੰ ਦਿੱਤੇ ਜਾਂਦੇ ਹਨ, ਜਿਨ੍ਹਾਂ ਨੇ ਏਸ਼ੀਆ ਭਰ ਵਿੱਚ ਟੀਵੀ, ਓਟੀਟੀ ਅਤੇ ਆਨਲਾਈਨ ਪੱੱਧਰ ’ਤੇ ਸਰਵੋਤਮ ਸਮੱਗਰੀ ਪੇਸ਼ ਕੀਤੀ ਹੋਵੇ। ‘ਸਕੂਪ’ ਨੇ ਸਰਬੋਤਮ ਏਸ਼ੀਅਨ ਟੀਵੀ ਸੀਰੀਜ਼ ਵਿੱਚ ਨਾਮਜ਼ਦਗੀ ਹਾਸਲ ਕੀਤੀ ਹੈ ਜਦਕਿ ਤੰਨਾ ਸਰਵੋਤਮ ਮੁੱਖ ਅਦਾਕਾਰਾ ਦਾ ਖਿਤਾਬ ਹਾਸਲ ਕਰਨ ਲਈ ਦੌੜ ਵਿੱਚ ਹੈ। ‘ਸਕੂਪ’ ਵਿੱਚ ਜਾਗ੍ਰਿਤੀ ਪਾਠਕ (ਕ੍ਰਿਸ਼ਮਾ ਤੰਨਾ) ਮੁੰਬਈ ਦੇ ਇੱਕ ਅਖਬਾਰ ਵਿੱਚ ਕ੍ਰਾਈਮ ਰਿਪੋਰਟਰ ਹੈ ਜੋ ਆਪਣੇ ਵਿਰੋਧੀ ਜੈਦੇਬ ਸੇਨ ਦੇ ਕਤਲ ਦੇ ਦੋਸ਼ ਲੱਗਣ ਤੋਂ ਬਾਅਦ ਸੁਰਖੀਆਂ ਵਿੱਚ ਹੈ। ਹੰਸਲ ਮਹਿਤਾ ਅਤੇ ਮਰੁਣਮਈ ਲਾਗੂ ਵਾਈਕੁਲ ਵੱਲੋਂ ਬਣਾਈ ਗਈ ਇਹ ਵੈੱਬ ਸੀਰੀਜ਼ ਨੈੱਟਫਲਿਕਸ ’ਤੇ ਜੂਨ ਵਿੱਚ ਪ੍ਰਦਰਸ਼ਿਤ ਹੋਈ ਸੀ। ਇਸ ਸੀਰੀਜ਼ ਦੇ ਨਿਰਦੇਸ਼ਕ ਹੰਸਲ ਮਹਿਤਾ ਨੇ ਇਸ ਪ੍ਰਾਪਤੀ ’ਤੇ ਟੀਮ ਨੂੰ ਵਧਾਈ ਦਿੱਤੀ ਹੈ। ਇਹ ਸ਼ੋਅ ਜਿਗਨਾ ਵੋਰਾ ਦੀ ਜੀਵਨੀ ਸਬੰਧੀ ਪੁਸਤਕ ‘ਬਿਹਾਈਂਡ ਦਿ ਬਾਰਜ਼ ਇਨ ਬਾਈਕੁਲਾ: ਮਾਈ ਡੇਜ਼ ਇਨ ਪ੍ਰਿਜ਼ਨ’ ਤੋਂ ਪ੍ਰੇਰਿਤ ਹੈ। ਸਰਵੋਤਮ ਏਸ਼ਿਆਈ ਟੀਵੀ ਸੀਰੀਜ਼ ਸ਼੍ਰੇਣੀ ਵਿੱਚ ‘ਸਕੂਪ’ ਦਾ ਮੁਕਾਬਲਾ ਬਲੈਕ ਯਾਰਡ (ਕਜ਼ਾਕਿਸਤਾਨ), ਨਾਟ ਅਦਰਜ਼ (ਦੱਖਣੀ ਕੋਰੀਆ), ਡਿਲੀਟ (ਥਾਈਲੈਂਡ) ਤਾਇਵਾਨ ਕ੍ਰਾਈਮ ਸਟੋਰੀਜ਼ (ਤਾਇਵਾਨ) ਨਾਲ ਹੋਵੇਗਾ।’ ਏਸ਼ੀਆ ਕੰਟੈਂਟਸ ਐਵਾਰਡਜ਼ ਅਤੇ ਗਲੋਬਲ ਓਟੀਟੀ ਐਵਾਰਡਜ਼ 2023 ਅੱਠ ਅਕਤੂਬਰ ਨੂੰ ਬੂਸਾਨ ਸਿਨੇਮਾ ਸੈਂਟਰ ਵਿਚ ਕਰਵਾਏ ਜਾਣਗੇ।