ਲਖਨਊ, 28 ਨਵੰਬਰ
ਭਾਰਤ ਦੇ ਚੋਟੀ ਦੇ ਸ਼ਟਲਰ ਕਿਦਾਂਬੀ ਸ੍ਰੀਕਾਂਤ, ਬੀ ਸਾਈ ਪ੍ਰਣੀਤ ਅਤੇ ਐੱਚਐੱਸ ਪ੍ਰਣਯ ਨੇ ਅੱਜ ਇੱਥੇ ਸਈਦ ਮੋਦੀ ਕੌਮਾਂਤਰੀ ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਦੇ ਦੂਜੇ ਗੇੜ ਵਿੱਚ ਥਾਂ ਬਣਾ ਲਈ।
ਤੀਜਾ ਦਰਜਾ ਪ੍ਰਾਪਤ ਸ੍ਰੀਕਾਂਤ ਨੇ ਰੂਸ ਦੇ ਵਲਾਦਿਮੀਰ ਮਲਕੋਵ ਨੂੰ ਸਿੱਧੇ ਸੈੱਟਾਂ ਵਿੱਚ ਹਰਾਇਆ ਅਤੇ ਉਸ ਦੀ ਦੂਜੇ ਗੇੜ ਵਿੱਚ ਟੱਕਰ ਹਮਵਤਨ ਪਾਰੂਪੱਲੀ ਕਸ਼ਿਅਪ ਨਾਲ ਹੋਵੇਗੀ। ਸ੍ਰੀਕਾਂਤ ਨੇ 36 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ 21-12, 21-11 ਨਾਲ ਜਿੱਤ ਦਰਜ ਕੀਤੀ, ਜਦਕਿ ਕਸ਼ਿਅਪ ਨੂੰ ਫਰਾਂਸੀਸੀ ਲੁਕਾਸ ਕੂਰਵੀ ਖ਼ਿਲਾਫ਼ ਵਾਕਓਵਰ ਮਿਲਿਆ। ਚੌਥਾ ਦਰਜਾ ਪ੍ਰਾਪਤ ਸਾਈ ਪ੍ਰਣੀਤ ਨੇ 47 ਮਿੰਟ ਚੱਲੇ ਮੁਕਾਬਲੇ ਵਿੱਚ ਮਲੇਸ਼ਿਆਈ ਸ਼ਟਲਰ ਨੂੰ 21-16, 22-20 ਨਾਲ ਹਰਾਇਆ। ਹੁਣ ਉਸ ਦੀ ਟੱਕਰ ਥਾਇਲੈਂਡ ਦੇ ਖਿਡਾਰੀ ਨਾਲ ਹੋਵੇਗੀ।
ਇੱਥੇ ਗ਼ੈਰ-ਦਰਜਾ ਪ੍ਰਾਪਤ ਪ੍ਰਣਯ ਨੇ ਚੀਨੀ ਸ਼ਟਲਰ ਲੀ ਸ਼ੀ ਫੇਂਗ ਨੂੰ ਤਿੰਨ ਗੇਮ ਦੇ ਸਖ਼ਤ ਮੁਕਾਬਲੇ ਵਿੱਚ 18-21, 22-20, 21-13 ਨਾਲ ਸ਼ਿਕਸਤ ਦਿੱਤੀ। ਉਸ ਦਾ ਸਾਹਮਣਾ ਚੀਨੀ ਤਾਇਪੈ ਦੇ ਵਾਂਗ ਜ਼ੁ ਵੇਈ ਨਾਲ ਹੋਵੇਗਾ।
ਹੋਰ ਭਾਰਤੀਆਂ ਵਿੱਚ 18 ਸਾਲਾ ਲਕਸ਼ੈ ਸੈਨ ਨੂੰ ਵੀ ਫਰਾਂਸ ਦੇ ਇੱਕ ਹੋਰ ਸ਼ਟਲਰ ਥੌਮਸ ਰੌਕਸੈਲ ਦੇ ਟੂਰਨਾਮੈਂਟ ਤੋਂ ਹਟਣ ਕਾਰਨ ਵਾਕਓਵਰ ਮਿਲਿਆ। ਸੌਰਭ ਵਰਮਾ ਅਤੇ ਅਜੈ ਜੈਰਾਮ ਵੀ ਪੁਰਸ਼ ਸਿੰਗਲਜ਼ ਦੇ ਦੂਜੇ ਗੇੜ ਵਿੱਚ ਪਹੁੰਚ ਗਏ। ਸੌਰਭ ਨੇ ਕੈਨੇਡਾ ਦੇ ਝਿਆਓਡੋਂਗ ਸ਼ੇਂਗ ਨੂੰ 21-11, 21-16 ਨਾਲ, ਜਦਕਿ ਜੈਰਾਮ ਨੇ ਪੰਜਵਾਂ ਦਰਜਾ ਪ੍ਰਾਪਤ ਹਮਵਤਨ ਸਮੀਰ ਵਰਮਾ ਨੂੰ 15-21, 21-18, 21-23 ਨਾਲ ਸ਼ਿਕਸਤ ਦਿੱਤੀ।