ਸ਼ੰਘਾਈ, ਭਾਰਤੀ ਟੈਨਿਸ ਖਿਡਾਰੀ ਰੋਹਨ ਬੋਪੰਨਾ ਤੇ ਉਨ੍ਹਾਂ ਦੇ ਜੋੜੀਦਾਰ ਡੈਨਿਸ ਸ਼ਾਪੋਵਾਲੋਵ ਨੇ ਅੱਜ ਇੱਥੇ ਕਾਰੇਨ ਖਾਚਾਨੋਵ ਤੇ ਆਂਦਰੇ ਰੂਬਲੇਵ ਦੀ ਰੂਸੀ ਜੋੜੀ ’ਤੇ ਸਿੱਧੇ ਸੈੱਟਾਂ ਵਿਚ ਜਿੱਤ ਹਾਸਲ ਕਰ ਕੇ ਸ਼ੰਘਾਈ ਮਾਸਟਰਜ਼ ਦੇ ਡਬਲਜ਼ ਵਰਗ ਦੇ ਪ੍ਰੀ-ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ। ਭਾਰਤੀ-ਕੈਨੇਡੀਅਨ ਜੋੜੀ ਨੇ ਸ਼ੁਰੂਆਤੀ ਦੌਰ ’ਚ ਖਾਚਾਨੋਵ ਤੇ ਰੂਬਲੇਵ ਦੀ ਜੋੜੀ ਨੂੰ 6-1 ਤੇ 6-4 ਨਾਲ ਮਾਤ ਦਿੱਤੀ।
ਹੁਣ ਇਸ ਜੋੜੀ ਦਾ ਸਾਹਮਣਾ ਬੋਰਨਾ ਕੋਰਿਚ ਤੇ ਰੂਨਹਾਓ ਹੁਆ ਅਤੇ ਲੁਕਾਸਜ਼ ਕੁਬਾਤ ਤੇ ਮਾਰਸੇਲੋ ਮੇਲੋ ਦੀ ਜੋੜੀ ਵਿਚਾਲੇ ਹੋਣ ਵਾਲੇ ਮੁਕਾਬਲੇ ਦੇ ਜੇਤੂ ਨਾਲ ਹੋਵੇਗਾ। ਇਸ ਤੋਂ ਇਲਾਵਾ ਸਰਬੀਆ ਦੇ ਨੋਵਾਕ ਜੋਕੋਵਿਚ ਤੇ ਫਿਲਿਪ ਕਰਾਜ਼ੀਨੋਵਿਕ ਦੀ ਜੋੜੀ ਨੇ ਜਰਮਨੀ ਦੇ ਕੇਵਿਨ ਕਰਾਵੀਜ਼ ਤੇ ਆਂਦਰੇਸ ਮੀਜ਼ ਦੀ ਜੋੜੀ ਨੂੰ ਪੁਰਸ਼ਾਂ ਦੇ ਡਬਲਜ਼ ਵਰਗ ਦੇ ਪਹਿਲੇ ਗੇੜ ਵਿਚ ਮਾਤ ਦੇ ਦਿੱਤੀ। ਮੈਚ ਮਗਰੋਂ ਗੱਲਬਾਤ ਦੌਰਾਨ ਵਿਸ਼ਵ ਦੇ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਚ ਨੇ ਡੈਨਿਲ ਮੈਦਵੇਦੇਵ ਦੀ ਸਿਫ਼ਤ ਕਰਦਿਆਂ ਉਸ ਨੂੰ ‘ਸੰਪੂਰਨ ਖਿਡਾਰੀ’ ਕਰਾਰ ਦਿੱਤਾ।
ਉਹ ਡੈਨਿਲ ਤੋਂ ਆਖ਼ਰੀ ਦੋ ਮੈਚ ਹਾਰ ਚੁੱਕਾ ਹੈ। 23 ਸਾਲਾ ਮੈਦਵੇਦੇਵ ਆਪਣੇ ਕਰੀਅਰ ਦੇ ਸਿਖ਼ਰ ’ਤੇ ਹੈ ਅਤੇ ਅਮਰੀਕੀ ਓਪਨ ਦੇ ਫਾਈਨਲ ਵਿਚ ਪੁੱਜਾ ਸੀ। ਵਿਸ਼ਵ ਦਰਜਾਬੰਦੀ ਵਿਚ ਉਹ ਚੌਥੇ ਨੰਬਰ ’ਤੇ ਹੈ। ਉਸ ਨੇ ਇਸ ਸਾਲ ਤਿੰਨ ਖ਼ਿਤਾਬ ਜਿੱਤੇ ਹਨ। ਕਈ ਚੋਟੀ ਦੇ ਖਿਡਾਰੀਆਂ ਨੂੰ ਉਹ ਤਕੜੀ ਚੁਣੌਤੀ ਦੇ ਚੁੱਕਾ ਹੈ।