ਅੰਮ੍ਰਿਤਸਰ, 25 ਜੁਲਾਈ

ਸ੍ਰੀ ਹਰਿਮੰਦਰ ਸਾਹਿਬ ਵਿੱਚ ਹੁੰਦੇ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਨ ਲਈ ਸ਼੍ਰੋਮਣੀ ਕਮੇਟੀ ਵੱਲੋਂ ਸ਼ੁਰੂ ਕੀਤੇ ਗਏ ਆਪਣੇ ਵੈੱਬ ਚੈਨਲ ‘ਐੱਸਜੀਪੀਸੀ ਸ੍ਰੀ ਅੰਮ੍ਰਿਤਸਰ’ ਨੂੰ ਸੰਗਤ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਪਹਿਲੇ ਦਿਨ ਹੀ ਯੂਟਿਊਬ ਰਾਹੀਂ ਗੁਰਬਾਣੀ ਦੇ ਪ੍ਰਸਾਰਨ ਨੂੰ ਦੇਖਣ ਵਾਲਿਆਂ ਦੀ ਗਿਣਤੀ 70 ਹਜ਼ਾਰ ਤੋਂ ਵੱਧ ਹੋ ਗਈ ਹੈ। ਸ੍ਰੀ ਹਰਿਮੰਦਰ ਸਾਹਿਬ ਵਿੱਚ ਹੁੰਦੇ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਨ ਤੜਕੇ ਸਾਢੇ ਤਿੰਨ ਵਜੇ ਤੋਂ 8:30 ਵਜੇ ਤੱਕ, ਦੁਪਹਿਰ ਸਾਢੇ 12 ਵਜੇ ਤੋਂ ਢਾਈ ਵੱਜੇ ਤੱਕ ਅਤੇ ਰਾਤ ਸਾਢੇ ਛੇ ਵਜੇ ਤੋਂ 8:30 ਵਜੇ ਤੱਕ ਕੀਤਾ ਗਿਆ। ਮਿਲੇ ਵੇਰਵਿਆਂ ਮੁਤਾਬਕ ਸਵੇਰ ਵੇਲੇ ਸਿੱਧਾ ਪ੍ਰਸਾਰਣ ਦੇਖਣ ਵਾਲਿਆਂ ਦੀ ਗਿਣਤੀ ਲਗਭਗ 14000 ਸੀ ਅਤੇ ਸ਼ਾਮ ਵੇਲੇ ਇਹ ਗਿਣਤੀ ਵੱਧ ਕੇ 17000 ਹੋ ਗਈ। ਵੈੱਬ ਚੈਨਲ ਦੇ ਸਬਸਕ੍ਰਾਈਬਰਾਂ ਦੀ ਗਿਣਤੀ ਸ਼ਾਮ ਤੱਕ ਵੱਧ ਕੇ 71000 ਹੋ ਗਈ ਸੀ। ਇਸੇ ਤਰ੍ਹਾਂ ਫੇਸਬੁੱਕ ਪੇਜ ’ਤੇ ਜੁੜੇ ਲੋਕਾਂ ਦੀ ਗਿਣਤੀ 4 ਲੱਖ ਦੇ ਨੇੜੇ ਪੁੱਜ ਗਈ ਹੈ। ਇਸ ਪੇਜ ਨਾਲ ਪਹਿਲਾਂ ਹੀ 3 ਲੱਖ ਲੋਕ ਜੁੜੇ ਹੋਏ ਸਨ। ਲੋਕਾਂ ਨੇ ਆਪਣੇ ਪ੍ਰਤੀਕਰਮ ਦਿੰਦਿਆਂ ਚੈਨਲ ਅਤੇ ਇਸ ਦੀ ਕਾਰਗੁਜ਼ਾਰੀ ਨੂੰ ਪਸੰਦ ਕੀਤਾ ਹੈ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਦੱਸਿਆ ਕਿ ਵੈੱਬ ਚੈਨਲ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਸੰਗਤਾਂ ਵੱਲੋਂ ਇਸ ਨੂੰ ਪਸੰਦ ਕੀਤਾ ਗਿਆ ਹੈ ਅਤੇ ਸਿੱਖ ਸੰਸਥਾ ਨੂੰ ਵਧਾਈ ਵੀ ਦਿੱਤੀ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਜਲਦੀ ਹੀ ਸਬਸਕਰਾਈਬਰਾਂ ਦੀ ਗਿਣਤੀ ਲੱਖਾਂ ਵਿੱਚ ਹੋਵੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਜਲਦੀ ਹੀ ਆਪਣਾ ਸੈਟੇਲਾਈਟ ਚੈਨਲ ਵੀ ਸ਼ੁਰੂ ਕਰੇਗੀ ਅਤੇ ਇਸ ਸਬੰਧੀ ਪ੍ਰਕਿਰਿਆ ਸ਼ੁਰੂ ਕੀਤੀ ਹੋਈ ਹੈ।

ਪੰਜ ਚੈਨਲਾਂ ਵੱਲੋਂ ਚੋਰੀਓਂ ਗੁਰਬਾਣੀ ਦੇ ਸਿੱਧੇ ਪ੍ਰਸਾਰਨ ਦਾ ਯਤਨ

ਸ਼੍ਰੋਮਣੀ ਕਮੇਟੀ ਦੇ ਤਕਨੀਕੀ ਮਾਹਿਰਾਂ ਕੋਲੋਂ ਮਿਲੀ ਜਾਣਕਾਰੀ ਦੇ ਮੁਤਾਬਕ ਸ਼੍ਰੋਮਣੀ ਕਮੇਟੀ ਦੇ ਵੈੱਬ ਚੈਨਲ ਰਾਹੀਂ ਗੁਰਬਾਣੀ ਦੇ ਸਿੱਧੇ ਪ੍ਰਸਾਰਨ ਨੂੰ 5 ਚੈਨਲਾਂ ਵੱਲੋਂ ਚੋਰੀ ਕਰਕੇ ਆਪਣੇ ਚੈਨਲਾਂ ਤੋਂ ਦਿਖਾਉਣ ਦਾ ਯਤਨ ਕੀਤਾ ਗਿਆ ਹੈ ਅਤੇ ਇਨ੍ਹਾਂ ਦੀ ਸ਼ਨਾਖਤ ਕਰ ਲਈ ਗਈ ਹੈ ਤੇ ਇਸ ਸਬੰਧੀ ਯੂਟੀਊਬ ਮੰਚ ’ਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਵੀ ਕੀਤੀ ਗਈ ਹੈ। ਇਸ ਮਗਰੋਂ ਚਾਰ ਚੈਨਲ ਤੋਂ ਉਨ੍ਹਾਂ ਦੀ ਇਹ ਪੇਸ਼ਕਾਰੀ ਹਟਾ ਦਿੱਤੀ ਗਈ ਹੈ।