ਸੰਯੁਕਤ ਰਾਸ਼ਟਰ, 17 ਜੁਲਾਈ
ਭਾਰਤ ਦੇ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਤੋਨੀਓ ਗੁਟੇਰੇਜ਼ ਨਾਲ ਮੁਲਾਕਾਤ ਕੀਤੀ ਅਤੇ ਇਸ ਦੌਰਾਨ ਦੋਵਾਂ ਵਿਚਾਲੇ ਅਫ਼ਗਾਨਿਸਤਾਨ ਤੇ ਮਿਆਂਮਾਰ ਸਮੇਤ ਖੇਤਰੀ ਮੁੱਦਿਆਂ, ਵਾਤਾਵਰਨ ਤਬਦੀਲੀ, ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ (ਯੂਐੱਨਐੱਸਸੀ) ’ਚ ਸੁਧਾਰ ਤੇ ਦੁਨੀਆ ਭਰ ’ਚ ਕੋਵਿਡ-19 ਸਬੰਧੀ ਹਾਲਾਤ ’ਤੇ ਚਰਚਾ ਹੋਈ। ਸ਼੍ਰਿੰਗਲਾ ਇਸ ਮਹੀਨੇ ਫਰਾਂਸ ਦੀ ਪ੍ਰਧਾਨਗੀ ਹੇਠ ਸੁਰੱਖਿਆ ਕੌਂਸਲ ’ਚ ਉੱਚ ਪੱਧਰੀ ਮੀਟਿੰਗਾਂ ’ਚ ਹਿੱਸਾ ਲੈਣ ਲਈ 14 ਤੋਂ 16 ਜੁਲਾਈ ਤੱਕ ਨਿਊਯਾਰਕ ਦੇ ਅਧਿਕਾਰਤ ਦੌਰੇ ’ਤੇ ਹਨ। ਵਿਦੇਸ਼ ਸਕੱਤਰ ਨੇ ਐਂਟੋਨੀਓ ਗੁਟੇਰੇਜ਼ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਆਲਮੀ ਸੰਸਥਾ ਦੇ ਮੁਖੀ ਦੇ ਅਹੁਦੇ ’ਤੇ ਦੂਜੇ ਕਾਰਜਕਾਲ ਲਈ ਹੋਈ ਮੁੜ ਨਿਯੁਕਤੀ ਲਈ ਵਧਾਈ ਦਿੱਤੀ। ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਪ੍ਰੈੱਸ ਬਿਆਨ ਅਨੁਸਾਰ, ‘ਵਿਦੇਸ਼ ਸਕੱਤਰ ਨੇ ਭਾਰਤ ਵੱਲੋਂ ਅਗਸਤ ਮਹੀਨੇ ’ਚ ਸੁਰੱਖਿਆ ਕੌਂਸਲ ਦੀ ਪ੍ਰਧਾਨਗੀ ਦੇ ਲਿਹਾਜ਼ ਨਾਲ ਪਹਿਲਕਦਮੀਆਂ ਨੂੰ ਜਨਰਲ ਸਕੱਤਰ ਨੂੰ ਜਾਣੂ ਕਰਵਾਇਆ ਜਿਨ੍ਹਾਂ ’ਚ ਸਮੁੰਦਰੀ ਸੁਰੱਖਿਆ, ਅਮਨ ਦੀ ਪ੍ਰਕਿਰਿਆ ਤੇ ਅਤਿਵਾਦ ਰੋਕੂ ਕੰਮ ਨਾਲ ਸਬੰਧਤ ਵਿਸ਼ੇ ਸ਼ਾਮਲ ਹਨ।’ ਇਸ ’ਚ ਦੱਸਿਆ ਗਿਆ, ‘ਅਫ਼ਗਾਨਿਸਤਾਨ ਅਤੇ ਮਿਆਂਮਾਰ ਸਮੇਤ ਖੇਤਰੀ ਹਾਲਾਤ, ਵਾਤਾਵਰਨ ਤਬਦੀਲੀ, ਕੌਮਾਂਤਰੀ ਸੋਲਰ ਗੱਠਜੋੜ, ਯੂਐੱਨਐੱਸਸੀ ’ਚ ਸੁਧਾਰ ਤੇ ਕੋਵਿਡ-19 ਸਬੰਧੀ ਹਾਲਾਤ ਨੂੰ ਲੈ ਚਰਚਾ ਕੀਤੀ ਗਈ।’