ਨਵੀਂ ਦਿੱਲੀ:ਓਲੰਪਿਕ ਦੀਆਂ ਤਿਆਰੀਆਂ ਕਰ ਰਹੇ ਬਜਰੰਗ ਪੂਨੀਆ ਨੇ ਅੱਜ ਐਲਾਨ ਕੀਤਾ ਹੈ ਕਿ ਉਹ ਜੁਲਾਈ-ਅਗਸਤ ਵਿਚ ਹੋਣ ਵਾਲੀਆਂ ਟੋਕੀਓ ਓਲੰਪਿਕ ਖੇਡਾਂ ਤਕ ਆਪਣੇ ਸਾਰੇ ਸੋਸ਼ਲ ਮੀਡੀਆ ਖਾਤੇ ਬੰਦ ਰੱਖੇਗਾ। ਉਹ ਟੋਕੀਓ ਓਲੰਪਿਕ ਵਿੱਚ ਭਾਰਤ ਵਲੋਂ ਤਗਮਾ ਜਿੱਤਣ ਦਾ ਦਾਅਵੇਦਾਰ ਹੈ। ਪੂਨੀਆ ਨੇ ਅੱਜ ਹਿੰਦੀ ਵਿਚ ਟਵੀਟ ਕਰ ਕੇ ਕਿਹਾ ਕਿ ਉਹ ਆਪਣੇ ਸੋਸ਼ਲ ਮੀਡੀਆ ਖਾਤੇ ਬੰਦ ਕਰ ਰਿਹਾ ਹੈ। ਉਸ ਨੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨਾਲ ਸੋਸ਼ਲ ਮੀਡੀਆ ’ਤੇ ਹੁਣ ਓਲੰਪਿਕ ਤੋਂ ਬਾਅਦ ਮੁਲਾਕਾਤ ਹੋਵੇਗੀ। ਬਜਰੰਗ ਨੇ ਸਾਲ 2019 ਵਿਸ਼ਵ ਚੈਂਪੀਅਨਸ਼ਿਪ ਲਈ ਕੋਟਾ ਹਾਸਲ ਕਰ ਕੇ ਓਲੰਪਿਕ ਵਿਚ ਥਾਂ ਬਣਾਈ ਸੀ। ਉਹ ਅਮਰੀਕਾ ਵਿਚ ਇਕ ਮਹੀਨਾ ਸਿਖਲਾਈ ਲੈ ਕੇ ਹਾਲ ਹੀ ਵਿਚ ਭਾਰਤ ਪਰਤਿਆ ਸੀ।