ਜਲੰਧਰ, ਦਿਹਾਤੀ ਪੁਲੀਸ ਨੇ ਚਰਚਿਤ ਗੈਂਗ ਸ਼ੇਰੂ ਧੀਰੋਵਾਲੀਆ ਗੈਂਗ ਦੇ ਸਰਗਨੇ ਸਤਨਾਮ ਸਿੰਘ ਉਰਫ ਸੁੱਖੀ ਧੀਰੋਵਾਲੀਆ ਨੂੰ ਦੋ ਹੋਰ ਸਾਥੀਆਂ ਸਮੇਤ ਕਾਬੂ ਕੀਤਾ ਹੈ। ਸੁੱਖੀ ਧੀਰੋਵਾਲੀਆ ਖ਼ਿਲਾਫ਼ ਵੱਖ-ਵੱਖ ਥਾਣਿਆਂ ’ਚ ਕੁੱਲ 20 ਕੇਸ ਦਰਜ ਹਨ। ਕਾਬੂ ਕੀਤੇ ਬਾਕੀ ਦੋ ਮੁਲਜ਼ਮਾਂ ਦੀ ਪਛਾਣ ਸੈਮੁਅਲ (37) ਵਾਸੀ ਅੰਬਗੜ੍ਹ (ਕਰਤਾਰਪੁਰ) ਅਤੇ ਭੁਪਿੰਦਰ ਸਿੰਘ (33) ਵਾਸੀ ਜੰਡੌਰ (ਥਾਣਾ ਦਸੂਹਾ) ਵਜੋਂ ਹੋਈ ਹੈ। ਪੁਲੀਸ ਨੇ ਇਨ੍ਹਾਂ ਕੋਲੋਂ 3 ਪਿਸਤੌਲ, 7 ਰੌਂਦ, 155 ਗ੍ਰਾਮ ਨਸ਼ੀਲਾ ਪਦਾਰਥ ਤੇ ਕਾਰ ਬਰਾਮਦ ਕੀਤੀ ਹੈ।
ਸੀਨੀਅਰ ਪੁਲੀਸ ਕਪਤਾਨ (ਦਿਹਾਤੀ) ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸ਼ੇਰੂ ਧੀਰੋਵਾਲੀਆ ਦਾ ਕੁਝ ਸਾਲ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਮੰਡੀ ਇਲਾਕੇ ਵਿੱਚ ਕਤਲ ਹੋ ਗਿਆ ਸੀ। ਉਸ ਤੋਂ ਬਾਅਦ ਸੁੱਖੀ ਧੀਰੋਵਾਲੀਆ ਹੀ ਗੈਂਗ ਦੀ ਵਾਗਡੋਰ ਸੰਭਾਲ ਰਿਹਾ ਹੈ। ਸੁੱਖੀ ਨੇ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨਾ ਸ਼ੁਰੂ ਕਰ ਦਿੱਤਾ ਸੀ ਤੇ ਉਹ ਕਈ ਵਾਰ ਜੇਲ੍ਹ ਵੀ ਕੱਟ ਚੁੱਕਾ ਹੈ। ਸ੍ਰੀ ਭੁੱਲਰ ਨੇ ਦੱਸਿਆ ਕਿ 2014 ਤੇ 2016 ਵਿੱਚ ਯੂਪੀ ਦੀ ਮੇਰਠ ਪੁਲੀਸ ਅਤੇ 2015 ਤੇ 2017 ਵਿੱਚ ਹੁਣ ਜਲੰਧਰ ਦੀ ਦਿਹਾਤੀ ਪੁਲੀਸ ਨੇ ਇਨ੍ਹਾਂ ਨੂੰ ਨਾਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਐਸਐਸਪੀ ਨੇ ਦੱਸਿਆ ਕਿ ਬੀਤੇ ਤਿੰਨ ਸਾਲਾਂ ਵਿੱਚ ਇਨ੍ਹਾਂ ਕੋਲੋਂ 11 ਨਾਜਾਇਜ਼ ਪਿਸਤੌਲ ਬਰਾਮਦ ਹੋ ਚੁੱਕੇ ਹਨ, ਜਿਨ੍ਹਾਂ ਵਿੱਚ ਕਾਨਪੁਰ ਤੋਂ ਲਿਆਂਦੇ ਦੇਸੀ ਕੱਟੇ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ਦੀ ਮੰਗ ਕੀਤੀ ਜਾਵੇਗੀ।