ਪੇਈਚਿੰਗ, 7 ਅਪਰੈਲ

ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਯੂਕਰੇਨ ਮੁੱਦੇ ’ਤੇ ਸ਼ਾਂਤੀ ਵਾਰਤਾ ਮੁੜ ਸ਼ੁਰੂ ਕਰਨ ਦਾ ਸੱਦਾ ਦਿੱਤਾ ਹੈ। ਸ਼ੀ ਨੇ ਕਿਹਾ ਕਿ ਸ਼ਾਂਤੀ ਵਾਰਤਾ ਜਿੰਨੀ ਛੇਤੀ ਹੋ ਸਕੇ ਮੁੜ ਸ਼ੁਰੂ ਹੋਣੀ ਚਾਹੀਦੀ ਹੈ। 

ਚੀਨੀ ਆਗੂ ਨੇ ਕਿਹਾ ਕਿ ਸਾਰੀਆਂ ਧਿਰਾਂ ਦੇ ਜਾਇਜ਼ ਸੁਰੱਖਿਆ ਖ਼ਦਸ਼ਿਆਂ ਨੂੰ ਧਿਆਨ ’ਚ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਕਾਰਵਾਈ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਸ ਨਾਲ ਹਾਲਾਤ ਹੋਰ ਵਿਗੜਨਗੇ ਅਤੇ ਇਹ ਬੇਕਾਬੂ ਵੀ ਹੋ ਸਕਦੇ ਹਨ। ਉਨ੍ਹਾਂ ਭੋਜਨ ਅਤੇ ਊਰਜਾ ਸਪਲਾਈ ’ਚ ਪੈ ਰਹੇ ਅੜਿੱਕੇ ਨੂੰ ਘਟਾਉਣ ’ਚ ਸਹਿਯੋਗ ਦੇਣ ਦਾ ਸੱਦਾ ਵੀ ਦਿੱਤਾ। ਉਨ੍ਹਾਂ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਨੇ ਆਪਣੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਨੂੰ ਅਪੀਲ ਕੀਤੀ ਕਿ ਉਹ ਰੂਸ ਨੂੰ ਜੰਗ ਖ਼ਤਮ ਕਰਨ ਦੀ ਮੱਤ ਦੇਣ ਅਤੇ ਯੂਕਰੇਨ ’ਚ ਸ਼ਾਂਤੀ ਬਹਾਲੀ ਦੇ ਯਤਨਾਂ ’ਚ ਯੋਗਦਾਨ ਪਾਉਣ। ਮੈਕਰੌਂ ਨੇ ਸੰਯੁਕਤ ਰਾਸ਼ਟਰ ਚਾਰਟਰ ਤਹਿਤ ਚੀਨੀ ਹਮਾਇਤ ਦੀ ਮੰਗ ਕੀਤੀ ਹੈ ਤਾਂ ਜੋ ਕਿਸੇ ਮੁਲਕ ਦੀ ਖੁਦਮੁਖਤਿਆਰੀ ਨਾਲ ਕੋਈ ਛੇੜ-ਛਾੜ ਨਾ ਕੀਤੀ ਜਾ ਸਕੇ।

ਉਨ੍ਹਾਂ ਇਥੇ ਸ਼ੀ ਜਿਨਪਿੰਗ ਨਾਲ ਮੀਟਿੰਗ ਦੌਰਾਨ ਕਿਹਾ ਕਿ ਰੂਸੀ ਰਾਸ਼ਟਰਪਤੀ ਵੱਲੋਂ ਯੂਕਰੇਨ ’ਤੇ ਹਮਲੇ ਨਾਲ ਸ਼ਾਂਤੀ ਅਤੇ ਸਥਿਰਤਾ ਖ਼ਤਰੇ ’ਚ ਪੈ ਗਈ ਹੈ। ਚੀਨ ਨੇ ਫਰਵਰੀ 2022 ਦੇ ਹਮਲੇ ਤੋਂ ਪਹਿਲਾਂ ਰੂਸ ਨਾਲ ਦੋਸਤੀ ਦਾ ਇਜ਼ਹਾਰ ਕੀਤਾ ਸੀ ਪਰ ਉਸ ਨੇ ਖੁਦ ਨੂੰ ਨਿਰਪੱਖ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਮੈਕਰੌਂ ਨੇ ਕਿਹਾ,‘‘ਸਾਨੂੰ ਸ਼ਾਂਤੀ ਬਹਾਲੀ ਦਾ ਰਾਹ ਲੱਭਣਾ ਪਵੇਗਾ। ਮੇਰੇ ਵਿਚਾਰ ਨਾਲ ਇਹ ਫਰਾਂਸ ਅਤੇ ਯੂਰੋਪ ਵਾਂਗ ਚੀਨ ਲਈ ਵੀ ਅਹਿਮ ਮੁੱਦਾ ਹੈ।’’ ਸ਼ੀ ਨੇ ਯੂਕਰੇਨ ਜਾਂ ਰੂਸ ਦਾ ਨਾਮ ਨਹੀਂ ਲਿਆ ਪਰ ਉਨ੍ਹਾਂ ਫਰਾਂਸ ਨਾਲ ਸਬੰਧਾਂ ਦਾ ਸਵਾਗਤ ਕੀਤਾ ਹੈ। ਇਸ ਤੋਂ ਪਹਿਲਾਂ ਮੈਕਰੌਂ ਨੇ ਚੀਨੀ ਪ੍ਰਧਾਨ ਮੰਤਰੀ ਲੀ ਸ਼ਿਆਂਗ ਨਾਲ ਮੀਟਿੰਗ ਦੌਰਾਨ ਕਿਹਾ ਕਿ ਫਰਾਂਸ ਸਾਰੇ ਵੱਡੇ ਸੰਘਰਸ਼ਾਂ ਨਾਲ ਸਿੱਝਣ ਲਈ ਸਾਂਝਾ ਰਾਹ ਅਪਣਾਉਣਾ ਚਾਹੁੰਦਾ ਹੈ। ਲੀ ਨੇ ਕਿਹਾ ਕਿ ਮੈਕਰੌਂ ਅਤੇ ਸ਼ੀ ਵਿਚਕਾਰ ਸਰਬਸੰਮਤੀ ਬਣਨ ਦੀ ਪੂਰੀ ਸੰਭਾਵਨਾ ਹੈ ਪਰ ਇਸ ਦਾ ਕੋਈ ਸੰਕੇਤ ਨਹੀਂ ਦਿੱਤਾ ਕਿ ਚੀਨ ਸ਼ਾਂਤੀ ਕਾਇਮ ਕਰਨ ਲਈ ਰੂਸ ਨਾਲ ਕੋਈ ਗੱਲਬਾਤ ਕਰੇਗਾ ਜਾਂ ਨਹੀਂ। ਲੀ ਨੇ ਕਿਹਾ ਕਿ ਚੀਨ, ਫਰਾਂਸ ਅਤੇ ਯੂਰੋਪ ਵੱਲੋਂ ਆਲਮੀ ਸ਼ਾਂਤੀ ਅਤੇ ਸਥਿਰਤਾ ਬਹਾਲ ਕਰਨ ਦੀਆਂ ਸਾਂਝੀਆਂ ਕੋਸ਼ਿਸ਼ਾਂ ਨਾਲ ਹਾਂ-ਪੱਖੀ ਸੰਕੇਤ ਜਾਵੇਗਾ। ਮੈਕਰੌਂ ਨਾਲ ਯੂਰੋਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵੋਨ ਡੇਰ ਲੇਯੇਨ ਵੀ ਚੀਨ ਦੇ ਦੌਰੇ ’ਤੇ ਹੈ।