ਮੁੰਬਈ, 22 ਦਸੰਬਰ

ਬੌਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਨੇ ਆਪਣੇ ਪ੍ਰਸ਼ੰਸਕਾਂ ਨੂੰ ਯੋਗ ਦੇ ਫਾਇਦੇ ਦੱਸਣ ਲਈ ਇੱਕ ਵੀਡੀਓ ਸਾਂਝੀ ਕੀਤੀ ਹੈ। ਸ਼ਿਲਪਾ ਅਨੁਸਾਰ ਯੋਗ ਨਾਲ ਨਾ ਸਿਰਫ਼ ਸਿਹਤ ਨੂੰ ਫਾਇਦਾ ਹੁੰਦਾ ਹੈ, ਸਗੋਂ ਆਤਮ-ਵਿਸ਼ਵਾਸ ਵਧਦਾ ਹੈ ਤੇ ਇਨਸਾਨ ਨਿਡਰ ਬਣਦਾ ਹੈ। ਸ਼ਿਲਪਾ ਨੇ ਟਵਿੱਟਰ ’ਤੇ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਵੱਖ ਵੱਖ ਆਸਣ ਕਰਦੀ ਦਿਖਾਈ ਦੇ ਰਹੀ ਹੈ। ਉਸ ਨੇ ਲਿਖਿਆ ਹੈ, ‘ਭਾਵੇਂ ਅਸੀਂ ਸਾਰਾ ਦਿਨ ਅੰਦਰ ਰਹਿੰਦੇ ਹਾਂ ਜਾਂ ਕੰਮ ਲਈ ਮਾਸਕ ਪਹਿਨ ਕੇ ਬਾਹਰ ਜਾਂਦੇ ਹਾਂ ਪਰ ਸਾਡੇ ਕੰਮਾਂ ਦੀ ਸੂਚੀ ਕਦੇ ਨਹੀਂ ਮੁੱਕਦੀ। ਭਾਵੇਂ ਮੈਂ ਆਪਣੇ ਦੋਵਾਂ ਬੱਚਿਆਂ ਤੇ ਕੰਮਾਂ ’ਚ ਕਿੰਨੀ ਵੀ ਰੁੱਝੀ ਹੋਵਾਂ, ਮੈਂ ਆਪਣੇ ਦਿਨ ਦੀ ਸ਼ੁਰੂਆਤ ਯੋਗ ਨਾਲ ਹੀ ਕਰਦੀ ਹਾਂ।’ ਇਸ ਤੋਂ ਇਲਾਵਾ ਸ਼ਿਲਪਾ ਨੇ ਯੋਗ ਤੇ ਆਸਣਾਂ ਦੇ ਸਿਹਤ ਸਬੰਧੀ ਫਾਇਦੇ ਵੀ ਗਿਣਾਏ ਹਨ। ਉਸ ਅਨੁਸਾਰ ਯੋਗ ਸਿਹਤ ਨੂੰ ਤੰਦਰੁਸਤ ਰੱਖਣ ਦੇ ਨਾਲ ਨਾਲ ਆਤਮ ਵਿਸ਼ਵਾਸ ਵੀ ਵਧਾਉਂਦਾ ਹੈ ਤੇ ਇਨਸਾਨ ਨਿਡਰ ਬਣ ਜਾਂਦਾ ਹੈ। ਦੱਸਣਯੋਗ ਹੈ ਕਿ ਸ਼ਿਲਪਾ ਸ਼ੈਟੀ 13 ਸਾਲਾਂ ਬਾਅਦ ਫਿਲਮ ‘ਹੰਗਾਮਾ 2’ ਅਤੇ ‘ਨਿਕੰਮਾ’ ਨਾਲ ਮੁੜ ਵੱਡੇ ਪਰਦੇ ’ਤੇ ਆਉਣ ਲਈ ਤਿਆਰ ਹੈ।