ਜਲੰਧਰ, 2 ਮਈ
ਹਲਕਾ ਸ਼ਾਹਕੋਟ ਤੋਂ ਕਾਂਗਰਸ ਪਾਰਟੀ ਦੀ ਟਿਕਟ ਦੇ ਪ੍ਰਮੁੱਖ ਦਾਅਵੇਦਾਰ ਲਾਡੀ ਸ਼ੇਰੋਵਾਲੀਆ ਦੇ ਸਟਿੰਗ ਤੋਂ ਬਾਅਦ ਅੱਜ ਸਬੰਧਤ ਰੇਤ ਖੱਡ ਦੇ ਠੇਕੇਦਾਰ ਮੀਡੀਆ ਅੱਗੇ ਸ਼ੇਰੋਵਾਲੀਆ ਦੇ ਪੱਖ ਵਿੱਚ ਸਫ਼ਾਈ ਦੇਣ ਲਈ ਆਏ। ਸਫ਼ਾਈ ਦੇਣ ਆਏ ਠੇਕੇਦਾਰ ਪੱਤਰਕਾਰਾਂ ਦੇ ਸਵਾਲਾਂ ਦੇ ਤਸੱਲੀਬਖ਼ਸ਼ ਜਵਾਬ ਨਾ ਦੇ ਸਕੇ ਅਤੇ ਵਾਰ-ਵਾਰ ਆਪਣੇ ਜਵਾਬਾਂ ਵਿੱਚ ਹੀ ਉਲਝਦੇ ਰਹੇ। ਸ਼ਹਿਰ ਦੇ ਇੱਕ ਹੋਟਲ ’ਚ ਰੱਖੀ ਇਹ ਪ੍ਰੈਸ ਕਾਨਫਰੰਸ ਲਾਡੀ ਸ਼ੇਰੋਵਾਲੀਆ ਵੱਲੋਂ ਹੀ ਕਰਵਾਈ ਦੱਸੀ ਜਾ ਰਹੀ ਹੈ।
ਪਿੰਡ ਕੈਮਵਾਲਾ ਦੀ ਖੱਡ ਚਾਰ ਠੇਕੇਦਾਰਾਂ ਨੇ ਲਈ ਸੀ ਅਤੇ ਇਸ ’ਚੋਂ ਕੁਝ ਠੇਕੇਦਾਰ ਵੀਡੀਓ ਵਿੱਚ ਵੀ ਦਿਖਾਈ ਦੇ ਰਹੇ ਸਨ। ਇਨ੍ਹਾਂ ’ਚ ਸੁਰਜੀਤ ਸਿੰਘ, ਸੁਖਜਿੰਦਰ ਸਿੰਘ, ਚਰਨਜੀਤ ਸਿੰਘ ਅਤੇ ਮਨਜੀਤ ਸਿੰਘ ਅੱਜ ਮੀਡੀਆ ਅੱਗੇ ਪੇਸ਼ ਹੋਏ। ਵੀਡੀਓ ਬਣਾਉਣ ਵਾਲੇ ਨੌਜਵਾਨ ਵੱਲੋਂ ਲਾਏ ਗਏ ਦੋਸ਼ਾਂ ਨੂੰ ਨਕਾਰਦਿਆਂ ਠੇਕੇਦਾਰਾਂ ਨੇ ਕਿਹਾ ਕਿ ਉਹ ਲਾਡੀ ਸ਼ੇਰੋਵਾਲੀਆਂ ਕੋਲ ਆਪਣੀ ਸਮੱਸਿਆ ਲੈ ਕੇ ਗਏ ਸਨ। ਕਦੇ ਉਹ ਕਹਿ ਰਹੇ ਸਨ ਕਿ ਪੰਚਾਇਤੀ ਸਮਝੌਤਾ ਹੋ ਰਿਹਾ ਸੀ ਅਤੇ ਕਦੇ ਮਜ਼ਦੂਰਾਂ ਨਾਲ ਸਮਝੌਤਾ ਕਰਵਾਉਣ ਦੀ ਗੱਲ ਕਰ ਰਹੇ ਸਨ। ਜਦੋਂ ਉਨ੍ਹਾਂ ਨੂੰ ਲਾਡੀ ਵੱਲੋਂ ਵੀਡੀਓ ਵਿੱਚ ਵਰਤੇ ਗਏ ਸ਼ਬਦ ‘ਲੀਕ’ ਬਾਰੇ ਪੁੱਛਿਆ ਗਿਆ ਤਾਂ ਵੀ ਉਨ੍ਹਾਂ ਕਿਹਾ ਕਿ ਦੇਖੋ-ਦੇਖੀ ਬਾਕੀ ਮਜ਼ਦੂਰ ਵੀ ਠੇਕੇਦਾਰਾਂ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੰਦੇ ਹਨ, ਇਸ ਕਰਕੇ ਲਾਡੀ ਸ਼ੇਰੋਵਾਲੀਆ ਕਹਿ ਰਹੇ ਸਨ ਕਿ ਜ਼ਿਆਦਾ ਬੰਦੇ ਇਕੱਠੇ ਹੋ ਕੇ ਨਾ ਆਇਆ ਕਰੋ, ਕਿਉਂਕਿ ਇਸ ਤਰ੍ਹਾਂ ਗੱਲ ਫੈਲ ਜਾਂਦੀ ਹੈ। ਸਾਰੀ ਪ੍ਰੈਸ ਕਾਨਫਰੰਸ ਦੌਰਾਨ ਠੇਕੇਦਾਰ ਸਵਾਲਾਂ ਵਿੱਚ ਉਲਝੇ ਰਹੇ ਪਰ ਲਾਡੀ ਸ਼ੇਰੋਵਾਲੀਆ ਨਾਲ ਲੈਣ-ਦੇਣ ਦੀ ਗੱਲ ਤੋਂ ਲਗਾਤਾਰ ਇਨਕਾਰ ਕਰਦੇ ਰਹੇ।
ਹਾਲਾਂਕਿ ਜਦੋਂ ਉਨ੍ਹਾਂ ਨੂੰ ਭਵਿੱਖ ’ਚ ਰੇਤ ਦੀਆਂ ਖੱਡਾਂ ਦੀ ਬੋਲੀ ਲਗਾਉਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਤੌਬਾ ਕਰਦਿਆਂ ਕਿਹਾ ਕਿ ਅੱਗੇ ਤੋਂ ਉਹ ਕਿਸੇ ਖੱਡ ਦੀ ਬੋਲੀ ਨਹੀਂ ਲਗਾਉਣਗੇ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਤੋਂ ਲੈ ਕੇ ਪਿੰਡ ਵਾਲੇ ਅਤੇ ਫਿਰ ਪੁਲੀਸ ਵੀ ਉਨ੍ਹਾਂ ਨੂੰ ਤੰਗ ਕਰਦੀ ਹੈ।
ਉਨ੍ਹਾਂ ਕਿਹਾ ਕਿ ਟੈਕਸ ਪਾ ਕੇ ਖਰਚਾ ਦੁੱਗਣਾ ਪੈ ਜਾਂਦਾ ਹੈ, ਜਿਸ ਕਾਰਨ ਰੇਤ ਦੀਆਂ ਖੱਡਾਂ ਤੋਂ ਕੋਈ ਬੱਚਤ ਨਹੀਂ ਹੋ ਰਹੀ ਹੈ। ਲਾਡੀ ਦੇ ਬਚਾਅ ’ਚ ਆਏ ਠੇਕੇਦਾਰਾਂ ਨੇ ਰਾਜਨੀਤਕ ਲੋਕਾਂ ਦੇ ਦਖ਼ਲ ਤੋਂ ਇਨਕਾਰ ਕਰ ਦਿੱਤਾ ਪਰ ਪੁਲੀਸ ਪ੍ਰਤੀ ਜ਼ਰੂਰ ਨਿਰਾਸ਼ਾ ਪ੍ਰਗਟ ਕੀਤੀ।