ਜਲੰਧਰ, 18 ਮਈ,ਹਲਕਾ ਸ਼ਾਹਕੋਟ ਵਿੱਚ ਚੋਣ ਪ੍ਰਚਾਰ ਦੇ ਦਿਨ ਹੁਣ ਜਦੋਂ ਉਂਗਲਾਂ ’ਤੇ ਗਿਣਨ ਜੋਗੇ ਰਹਿ ਗਏ ਹਨ ਤਾਂ ਹਲਕੇ ਵਿੱਚ ਦੂਸ਼ਿਤ ਹੋਏ ਪਾਣੀਆਂ ਦਾ ਮੁੱਦਾ ਵੀ ਉਭਰਨ ਲੱਗ ਪਿਆ ਹੈ।
ਸ਼ਾਹਕੋਟ ਹਲਕੇ ਦੀ ਤਰਾਸਦੀ ਇਹ ਹੈ ਕਿ ਇੱਥੇ ਬਹੁਤ ਸਾਰੇ ਸ਼ਹਿਰਾਂ ਦਾ ਗੰਦਾ ਤੇ ਜ਼ਹਿਰੀਲਾ ਪਾਣੀ ਆ ਕੇ ਇਕੱਠਾ ਹੁੰਦਾ ਹੈ। ਇਸ ਹਲਕੇ ਵਿੱਚੋਂ ਦੀ ਕਾਲਾ ਸੰਘਿਆ ਡਰੇਨ ਲੰਘਦੀ ਹੈ ਤੇ ਇਹ ਡਰੇਨ ਮਲਸੀਆਂ ਨੇੜੇ ਚਿੱਟੀ ਵੇਈਂ ਵਿੱਚ ਜਾ ਕੇ ਰਲਦੀ ਹੈ। ਕਾਲਾ ਸੰਘਿਆ ਡਰੇਨ ਪੰਜਾਬ ਦੀਆਂ ਸਭ ਤੋਂ ਜ਼ਹਿਰੀਲੀਆਂ ਡਰੇਨਾਂ ਵਿੱਚੋਂ ਇੱਕ ਹੈ, ਜਿਸ ਵਿੱਚ ਜਲੰਧਰ ਸ਼ਹਿਰ ਦੀਆਂ ਫੈਕਟਰੀਆਂ ਅਤੇ ਚਮੜੇ ਦੀਆਂ ਸਨਅਤਾਂ ਦਾ ਜ਼ਹਿਰੀਲਾ ਪਾਣੀ ਪੈਂਦਾ ਹੈ। ਚਿੱਟੀ ਵੇਈਂ ਵਿੱਚ ਫਗਵਾੜਾ ਡਰੇਨ ਤੇ ਜਮਸ਼ੇਰ ਡਰੇਨ ਦਾ ਜ਼ਹਿਰੀਲਾ ਪਾਣੀ ਪੈ ਰਿਹਾ ਹੈ। ਚਿੱਟੀ ਵੇਈਂ ਹਲਕਾ ਸ਼ਾਹਕੋਟ ਦੇ ਗਿੱਦੜਪਿੰਡੀ ਇਲਾਕੇ ਨੇੜੇ ਸਤਲੁਜ ਦਰਿਆ ਵਿੱਚ ਜਾ ਮਿਲਦੀ ਹੈ, ਜਿੱਥੇ ਚਿੱਟੀ ਵੇਈਂ ਤੇ ਸਤਲੁਜ ਦਾ ਮਿਲਾਪ ਹੁੰਦਾ ਹੈ ਉਸੇ ਥਾਂ ’ਤੇ ਪਹਿਲਾਂ ਹੀ ਸਤਲੁਜ ਰਾਹੀਂ ਲੁਧਿਆਣੇ ਦਾ ਜ਼ਹਿਰੀਲਾ ਪਾਣੀ ਆ ਕੇ ਰਲਦਾ ਹੈ। ਹਲਕੇ ਵਿੱਚ ਕੈਂਸਰ ਅਤੇ ਕਾਲੇ ਪੀਲੀਏ ਨਾਲ ਹੋਈਆਂ ਮੌਤਾਂ ਦੀ ਗਿਣਤੀ ਕਰਨੀ ਔਖੀ ਹੈ ਕਿਉਂਕਿ ਹਰ ਪਿੰਡ ਵਿੱਚ ਹੀ ਇਨ੍ਹਾਂ ਭਿਆਨਕ ਬਿਮਾਰੀਆਂ ਤੋਂ ਲੋਕ ਪੀੜਤ ਹਨ। ਇਸੇ ਹਲਕੇ ਵਿੱਚ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਪਿੰਡ ਸੀਚੇਵਾਲ ਵੀ ਆਉਂਦਾ ਹੈ। ਉਨ੍ਹਾਂ ਵੱਲੋਂ ਹਲਕੇ ਵਿੱਚ ਥਾਂ-ਥਾਂ ’ਤੇ ਪ੍ਰਦੂਸ਼ਿਤ ਪਾਣੀਆਂ ਵਿਰੁੱਧ ਬੋਰਡ ਲਾਏ ਜਾ ਰਹੇ ਹਨ। ਅਜਿਹੇ ਹੋਰਡਿੰਗ ਬੋਰਡ ਮਲਸੀਆਂ, ਸ਼ਾਹਕੋਟ ਤੇ ਮਹਿਤਪੁਰ ਵਿੱਚ ਲਾਏ ਜਾ ਰਹੇ ਹਨ। ਇਨ੍ਹਾਂ ਤੋਂ ਇਲਾਵਾ ਬਹੁਤ ਸਾਰੇ ਪਿੰਡਾਂ ਵਿੱਚ ਇਹੋ ਜਿਹੇ ਪੋਸਟਰ ਲਾਏ ਗਏ ਹਨ। ਘਰਾਂ ’ਤੇ ਲੱਗੇ ਪੋਸਟਰਾਂ ’ਤੇ ਲਿਖਿਆ ਗਿਆ ਹੈ, ‘‘ਮੇਰੇ ਪਰਿਵਾਰ ਦੀਆਂ ਤਿੰਨ ਵੋਟਾਂ ਹਨ, ਵੋਟ ਉਸੇ ਪਾਰਟੀ ਉਮੀਦਵਾਰ ਨੂੰ ਜਿਹੜਾ ਸਾਡੇ ਸਵਾਲਾਂ ਦਾ ਜਵਾਬ ਦੇਵੇਗਾ ਤੇ ਸਮੱਸਿਆ ਦਾ ਹੱਲ ਕਰੇਗਾ। ਵੋਟ ਨਾ ਪੈਸੇ ਨੂੰ, ਨਾ ਨਸ਼ੇ ਨੂੰ ਤੇ ਨਾ ਡਰ ਅਤੇ ਦਬਾਅ ਵਿੱਚ ਆ ਕੇ। ਗੰਦੇ ਪਾਣੀ ਵੇਈਆਂ ਵਿੱਚ ਪਾਉਣੇ ਕਰੋ ਬੰਦ, ਸਾਡੀ ਸਾਰਿਆਂ ਦੀ ਇਹੋ ਮੰਗ।’’ ਇਸ ਪੋਸਟਰ ਵਿਚ ਪਰਿਵਾਰ ਦੇ ਮੁਖੀ ਦਾ ਨਾਂ ਅਤੇ ਸਮੂਹ ਪਰਿਵਾਰ ਵੱਲੋਂ ਇਹ ਅਪੀਲ ਕੀਤੀ ਗਈ ਹੈ। ਖੰਨਾ ਤੋਂ ਕਾਂਗਰਸ ਦੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਜਦੋਂ ਸੀਚੇਵਾਲ ਪਿੰਡ ਵਿੱਚ ਗਏ ਤਾਂ ਵੀ ਉਨ੍ਹਾਂ ਨੂੰ ਵਾਤਾਵਰਣ ਦੇ ਮੁੱਦੇ ’ਤੇ ਹੀ ਸਵਾਲ ਪੁੱਛੇ ਗਏ ਸਨ। ਗੁਰਦੁਆਰਾ ਸੈਦਰਾਣਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਗੁਰਮੇਜ ਸਿੰਘ ਦਾ ਪਿੰਡ ਵੀ ਕਾਲਾ ਸੰਘਿਆ ਡਰੇਨ ’ਤੇ ਆਉਂਦਾ ਹੈ ਤੇ ਉਹ ਵੀ ਲੋਕਾਂ ਵਿੱਚ ਇਹੋ ਪ੍ਰਚਾਰ ਕਰ ਰਹੇ ਹਨ ਕਿ ਉਸੇ ਉਮੀਦਵਾਰ ਨੂੰ ਵੋਟਾਂ ਪਾਈਆਂ, ਜਿਹੜਾ ਦੂਸ਼ਿਤ ਪਾਣੀਆਂ ਦੇ ਮਸਲੇ ਨੂੰ ਹੱਲ ਕਰੇ।