ਨਵੀਂ ਦਿੱਲੀ, 5 ਜੁਲਾਈ
ਸਾਬਕਾ ਕਪਤਾਨ ਕਪਿਲ ਦੇਵ ਨੇ ਅੱਜ ਕਿਹਾ ਕਿ ਭਾਰਤੀ ਟੀਮ ਦਾ ਮੁੱਖ ਕੋਚ ਰਵੀ ਸ਼ਾਸਤਰੀ ਜੇਕਰ ਚੰਗੇ ਨਤੀਜੇ ਦੇ ਰਿਹਾ ਹੈ ਤਾਂ ਉਸ ਨੂੰ ਇਸ ਅਹੁਦੇ ਤੋਂ ਲਾਂਭੇ ਕਰਨ ਦੀ ਕੋਈ ਤੁੱਕ ਨਹੀਂ ਬਣਦੀ। ਚੇਤੇ ਰਹੇ ਕਿ ਅਕਤੂਬਰ-ਨਵੰਬਰ ਵਿੱਚ ਯੂਏਈ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ਮਗਰੋਂ 59 ਸਾਲਾ ਸ਼ਾਸਤਰੀ ਦਾ ਕਰਾਰ ਖ਼ਤਮ ਹੋ ਰਿਹਾ ਹੈ। ਇਸ ਦੌਰਾਨ ਅਜਿਹੀ ਚੁੰਝ ਚਰਚਾ ਸਿਖਰ ’ਤੇ ਹੈ ਕਿ ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਕੌਮੀ ਕ੍ਰਿਕਟ ਅਕੈਡਮੀ ਦੇ ਮੁਖੀ ਰਾਹੁਲ ਦ੍ਰਾਵਿੜ ਨੂੰ ਮੁੱਖ ਕੋਚ ਲਾ ਸਕਦੀ ਹੈ। ਕਪਿਲ ਨੇ ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਮੈਨੂੰ ਨਹੀਂ ਲੱਗਦਾ ਕਿ ਹਾਲ ਦੀ ਘੜੀ ਕਿਸੇ ਨਾਲ ਕੋਈ ਗੱਲ ਕਰਨ ਦੀ ਲੋੜ ਹੈ। ਸ੍ਰੀਲੰਕਾ ਦੀ ਲੜੀ ਨੂੰ ਖ਼ਤਮ ਹੋਣ ਦਈਏ। ਜਲਦੀ ਹੀ ਸਾਨੂੰ ਪਤਾ ਲੱਗ ਜਾਵੇਗਾ ਕਿ ਸਾਡੀ ਟੀਮ ਦੀ ਕਾਰਗੁਜ਼ਾਰੀ ਕਿਹੋ ਜਿਹੀ ਹੈ।’’ ਉਨ੍ਹਾਂ ਕਿਹਾ, ‘‘ਜੇਕਰ ਤੁਸੀਂ ਨਵੇਂ ਕੋਚ ਦੀ ਤਲਾਸ਼ ’ਚ ਹੋ ਤਾਂ ਇਸ ਵਿੱਚ ਕੁਝ ਵੀ ਗ਼ਲਤ ਨਹੀਂ। ਪਰ ਇਹ ਗੱਲ ਵੀ ਹੈ ਕਿ ਜੇ ਰਵੀ ਸ਼ਾਸਤਰੀ ਚੰਗਾ ਕੰਮ ਕਰ ਰਿਹਾ ਹੈ ਤਾਂ ਉਸ ਨੂੰ ਹਟਾਉਣ ਦੀ ਕੋਈ ਤੁੱਕ ਨਹੀਂ ਬਣਦੀ। ਇਹ ਤਾਂ ਸਮਾਂ ਹੀ ਦੱਸੇਗਾ। ਪਰ ਉਸ ਤੋਂ ਪਹਿਲਾਂ ਇਹ ਗੱਲ ਕਰਨ ਨਾਲ ਸਾਡੇ ਕੋਚਾਂ ਤੇ ਖਿਡਾਰੀਆਂ ’ਤੇ ਬੇਲੋੜਾ ਦਬਾਅ ਪਏਗਾ।’’