ਪੈਰਿਸ, 27 ਫਰਵਰੀ
ਪੰਜ ਵਾਰ ਦੀ ਗਰੈਂਡ ਸਲੈਮ ਚੈਂਪੀਅਨ ਮਾਰੀਆ ਸ਼ਾਰਾਪੋਵਾ ਨੇ ਅੱਜ 32 ਸਾਲ ਦੀ ਉਮਰ ਵਿੱਚ ਟੈਨਿਸ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਉਸ ਨੇ ‘ਵੋਗ’ ਐਂਡ ‘ਵੈਨਿਟੀ ਫੇਅਰ’ ਮੈਗਜ਼ੀਨ ਵਿੱਚ ਆਏ ਇੱਕ ਲੇਖ ਵਿੱਚ ਕਿਹਾ, ‘‘ਟੈਨਿਸ (ਨੂੰ)- ਮੈਂ ਅਲਵਿਦਾ ਕਹਿ ਰਹੀ ਹਾਂ।’’ ਸ਼ਾਰਾਪੋਵਾ ਨੇ ਕਿਹਾ, ‘‘ਪੰਜ ਗਰੈਂਡ ਸਲੈਮ ਖ਼ਿਤਾਬ ਬਾਅਦ, ਹਾਲਾਂਕਿ ਮੈਂ ਇੱਕ ਨਵੀਂ ਬੁਲੰਦੀ ਨੂੰ ਛੂਹਣ ਅਤੇ ਇੱਕ ਵੱਖਰੇ ਸਫ਼ਰ ਲਈ ਤਿਆਰ ਹਾਂ।’’
ਰੂਸ ਦੀ ਇਸ ਸਟਾਰ ਖਿਡਾਰਨ ਨੇ ਆਪਣੇ ਗਰੈਂਡ ਸਲੈਮ ਖ਼ਿਤਾਬ ਆਸਟਰੇਲੀਅਨ ਓਪਨ-2016 ਵਿੱਚ ਪਾਬੰਦੀਸ਼ੁਦਾ ਪਦਾਰਥ ਦੇ ਟੈਸਟ ਵਿੱਚ ਪਾਜੀਟਿਵ ਆਉਣ ਮਗਰੋਂ 15 ਮਹੀਨਿਆਂ ਦੀ ਪਾਬੰਦੀ ਝੱਲਣ ਤੋਂ ਪਹਿਲਾਂ ਜਿੱਤੇ ਸਨ। ਰੂਸ ਦੀ ਇਹ ਸਾਬਕਾ ਅੱਵਲ ਨੰਬਰ ਖਿਡਾਰਨ ਬੀਤੇ ਸਾਲ ਮੋਢੇ ਦੀ ਸਮੱਸਿਆ ਕਾਰਨ ਲਗਾਤਾਰ ਖੇਡ ਨਹੀਂ ਸਕੀ। ਜਦੋਂ ਉਸ ਨੇ ਖੇਡਣਾ ਸ਼ੁਰੂ ਕੀਤਾ ਤਾਂ ਉਹ ਕਾਫ਼ੀ ਮੁਕਾਬਲਿਆ ਵਿੱਚ ਹਾਰ ਗਈ। ਸਾਲ 2004 ਵਿੱਚ 17 ਸਾਲ ਦੀ ਉਮਰ ਵਿੱਚ ਵਿੰਬਲਡਨ ਚੈਂਪੀਅਨ ਬਣਨ ਵਾਲੀ ਸ਼ਾਰਾਪੋਵਾ ਸਾਲ 2005 ਵਿੱਚ ਦੁਨੀਆਂ ਦੀ ਅੱਵਲ ਨੰਬਰ ਖਿਡਾਰਨ ਬਣੀ ਸੀ ਅਤੇ ਇਸ ਦੇ ਅਗਲੇ ਸਾਲ ਉਸ ਨੇ ਯੂਐੱਸ ਓਪਨ ਖ਼ਿਤਾਬ ਜਿੱਤਿਆ ਸੀ।
ਸ਼ਾਰਾਪੋਵਾ ਨੇ ਅੱਜ ਕਿਹਾ, ‘‘ਮੇਰੀ ਸਫਲਤਾ ਵਿੱਚ ਸਭ ਤੋਂ ਅਹਿਮ ਚੀਜ਼ ਇਹ ਸੀ ਕਿ ਮੈਂ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਨਾ ਹੀ ਜ਼ਿਆਦਾ ਅੱਗੇ ਵੇਖਿਆ।’’ ਸਾਲ 2007 ਤੋਂ ਮੋਢੇ ਦੀ ਸਮੱਸਿਆ ਸ਼ੁਰੂ ਹੋਈ। ਆਸਟਰੇਲੀਅਨ ਓਪਨ-2008 ਵਿੱਚ ਖ਼ਿਤਾਬ ਜਿੱਤਣ ਮਗਰੋਂ ਉਹ ਇਸ ਦੇ ਕਾਰਨ ਯੂਐੱਸ ਓਪਨ ਅਤੇ ਪੇਈਚਿੰਗ ਓਲੰਪਿਕ ਵਿੱਚ ਖੇਡ ਨਹੀਂ ਸਕੀ।
ਉਸ ਨੇ ਸਾਲ 2012 ਵਿੱਚ ਫਰੈਂਚ ਓਪਨ ਵਿੱਚ ਖ਼ਿਤਾਬ ਜਿੱਤਿਆ ਅਤੇ ਉਹ ਕਰੀਅਰ ਗਰੈਂਡ ਸਲੈਮ ਪੂਰਾ ਕਰਨ ਵਾਲੀ ਦਸਵੀਂ ਮਹਿਲਾ ਖਿਡਾਰਨ ਬਣੀ। ਉਸ ਨੇ ਫਿਰ ਓਲੰਪਿਕ ਵਿੱਚ ਚਾਂਦੀ ਦਾ ਤਗ਼ਮਾ ਆਪਣੇ ਨਾਮ ਕੀਤਾ। ਸੱਟ ਦੇ ਬਾਵਜੂਦ ਉਸ ਨੇ ਸਾਲ 2014 ਵਿੱਚ ਫਰੈਂਚ ਓਪਨ ਟਰਾਫ਼ੀ ਜਿੱਤੀ। ਇਸ ਮਗਰੋਂ ਪਾਬੰਦੀਸ਼ੁਦਾ ਲੈਣ ਸਬੰਧੀ ਨਮੂਨਾ ਪਾਜ਼ੇਟਿਵ ਰਹਿਣ ਕਾਰਨ ਉਸ ਨੂੰ 15 ਮਹੀਨਿਆਂ ਦੀ ਪਾਬੰਦੀ ਝੱਲਣੀ ਪਈ। 2017 ਵਿੱਚ ਉਸ ਨੇ ਵਾਪਸੀ ਕੀਤੀ, ਪਰ ਸਫਲ ਨਹੀਂ ਹੋ ਸਕੀ।