ਨਿਊਯਾਰਕ— ਚੌਥੇ ਸੀਡ ਐਲੇਕਸਾਂਦਰ ਜਵੇਰੇਵ ਦਾ ਕਰੀਅਰ ‘ਚ ਪਹਿਲਾ ਗ੍ਰੈਂਡ ਸਲੈਮ ਜਿੱਤਣ ਦਾ ਸੁਪਨਾ ਆਖ਼ਰਕਾਰ ਯੂ.ਐੱਸ. ਓਪਨ ਟੈਨਿਸ ਟੂਰਨਾਮੈਂਟ ਦੇ ਦੂਜੇ ਰਾਊਂਡ ‘ਚ ਹਾਰ ਦੇ ਨਾਲ ਖਤਮ ਹੋ ਗਿਆ ਪਰ ਰੂਸ ਦੀ ਮਾਰੀਆ ਸ਼ਾਰਾਪੋਵਾ ਅਤੇ ਵੀਨਸ ਵਿਲੀਅਮਸ ਨੇ ਜੇਤੂ ਲੈਅ ਬਰਕਰਾਰ ਰਖਦੇ ਹੋਏ ਮਹਿਲਾ ਸਿੰਗਲ ਦੇ ਤੀਜੇ ਦੌਰ ‘ਚ ਪ੍ਰਵੇਸ਼ ਕਰ ਲਿਆ ਹੈ। ਜਰਮਨ ਖਿਡਾਰੀ ਜਵੇਰੇਵ ਨੂੰ ਪੁਰਸ਼ ਸਿੰਗਲ ਦੇ ਪਹਿਲੇ ਦੌਰ ਦੇ ਮੁਕਾਬਲੇ ‘ਚ ਬੋਰਨਾ ਕੋਰਿਚ ਨੇ 3-6, 7-5, 7-6, 7-6 ਨਾਲ ਹਰਾ ਕੇ ਬਾਹਰ ਕਰ ਦਿੱਤਾ। ਇਕ ਸਮੇਂ ਯੂ.ਐੱਸ. ਓਪਨ ਜੂਨੀਅਰ ਦੇ ਸੈਮੀਫਾਈਨਲ ‘ਚ ਜਵੇਰੇਵ ਨੂੰ ਹਰਾ ਕੇ ਸਾਲ 2013 ‘ਚ ਖਿਤਾਬ ਜਿੱਤ ਚੁੱਕੇ ਕੋਰਿਚ ਨੇ ਆਪਣੇ ਪੁਰਾਣੇ ਮੁਕਾਬਲੇਬਾਜ਼ ਦੇ ਖਿਲਾਫ ਇਕ ਵਾਰ ਫਿਰ ਬਰਾਬਰੀ ਦੀ ਲੜਾਈ ਲੜੀ।
ਇਸ ਸਾਲ ਮਾਂਟਰੀਅਲ ਓਪਨ ਸਮੇਤ ਪੰਜ ਖਿਤਾਬ ਜਿੱਤ ਚੁੱਕੇ ਜਵੇਰੇਵ ਨੇ ਪਹਿਲਾ ਸੈਟ 6-3 ਨਾਲ ਜਿੱਤ ਕੇ ਚੰਗੀ ਸ਼ੁਰੂਆਤ ਕੀਤੀ ਪਰ 61ਵੀਂ ਰੈਂਕਿੰਗ ਦੀ ਕੋਰਿਚ ਨੇ ਬਾਕੀ ਦੇ ਤਿੰਨਾਂ ਸੈੱਟਾਂ ਨੂੰ ਕਰੀਬੀ ਨਾਲ ਜਿੱਤਿਆ ਜਿਸ ‘ਚ ਆਖ਼ਰੀ ਦੋ ਸੈਟ ਉਨ੍ਹਾਂ ਨੇ ਟਾਈਬ੍ਰੇਕ ‘ਚ ਜਿੱਤੇ ਅਤੇ ਜਵੇਰੇਵ ਕੋਰਟ ‘ਤੇ ਰੈਕੇਟ ਮਾਰਦੇ ਰਹਿ ਗਏ। ਮੀਂਹ ਕਾਰਨ ਇਕ ਦਿਨ ਪਹਿਲੇ ਰੱਦ ਹੋਏ ਪਹਿਲੇ ਦੌਰ ਦੇ ਮਹਿਲਾ ਅਤੇ ਪੁਰਸ਼ ਸਿੰਗਲ ਦੇ ਮੈਚਾਂ ਅਤੇ ਦੂਜੇ ਦੌਰ ਦੇ ਮੈਚਾਂ ਨੂੰ ਵੀ ਪੂਰਾ ਕਰਾਇਆ ਗਿਆ। ਮੀਂਹ ਨਾਲ ਬੁੱਧਵਾਰ ਨੂੰ ਲਗਭਗ 55 ਮੈਚ ਰੱਦ ਰਹੇ ਸਨ। ਮਹਿਲਾ ਸਿੰਗਲ ‘ਚ ਦੋ ਵੱਡੀਆਂ ਖਿਡਾਰਨਾਂ ਨੌਵੀਂ ਸੀਡ ਅਮਰੀਕਾ ਦੀ ਵੀਨਸ ਨੇ ਵੀ ਫ੍ਰਾਂਸ ਦੀ ਓਸ਼ਨ ਡੋਡਿਨ ਨੂੰ 7-5, 6-4 ਨਾਲ ਜਦਕਿ ਵਾਈਲਡ ਕਾਰਡ ਧਾਰਕ ਰੂਸੀ ਖਿਡਾਰਨ ਮਾਰੀਆ ਸ਼ਾਰਾਪੋਵਾ ਨੇ ਹੰਗਰੀ ਦੀ ਟਿਮੀਆ ਬਾਬੋਸ ਨੂੰ 6-7, 6-4, 6-1 ਨਾਲ ਹਰਾ ਕੇ ਤੀਜੇ ਦੌਰ ‘ਚ ਜਗ੍ਹਾ ਬਣਾ ਲਈ।