ਪਟਿਆਲਾ, 22 ਜੁਲਾਈ
ਪਟਿਆਲਾ ਦਿਹਾਤੀ ਦੇ ਪਿੰਡ ਮੰਡੌੜ ਵਿੱੱਚ ਤੀਜੇ ਹਿੱਸੇ ਦੀ ਰਾਖਵੀਂ ਸ਼ਾਮਲਾਤ ਜ਼ਮੀਨ ਦਾ ਕਬਜ਼ਾ ਦਿਵਾਉਣ ਆਈ ਪੁਲੀਸ ਅਤੇ ਦਲਿਤ ਭਾਈਚਾਰੇ ਦੇ ਲੋਕਾਂ ਦਰਮਿਆਨ ਝੜਪ ਹੋ ਗਈ, ਜਿਸ ਕਾਰਨ ਚਾਰ ਪੁਲੀਸ ਮੁਲਾਜ਼ਮ ਤੇ ਕਈ ਪਿੰਡ ਵਾਸੀ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਪ੍ਰਸ਼ਾਸਨ ਨੇ 28 ਜੂਨ ਨੂੰ ਇਸ ਜ਼ਮੀਨ ਦੀ ਬੋਲੀ ਕਰਵਾਈ ਸੀ ਜਿਸ ਨੂੰ ਪਿੰਡ ਵਾਸੀਆਂ ਨੇ ਰੱਦ ਕਰਦਿਆਂ ਉਸ ਜ਼ਮੀਨ ’ਚ ਧਰਨਾ ਸ਼ੁਰੂ ਕਰ ਦਿੱਤਾ ਸੀ।
ਧਰਨਾਕਾਰੀਆਂ ਨੇ ਦੋਸ਼ ਲਾਇਆ ਕਿ 28 ਜੂਨ ਨੂੰ ਹੋਈ ਬੋਲੀ ਫਰਜ਼ੀ ਸੀ। ਐੱਸਸੀ ਕਮੇਟੀ ਦੇ ਜ਼ੋਨਲ ਮੈਂਬਰ ਧਰਮਵੀਰ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਪਿੰਡ ਦੇ ਰਾਖਵੇਂ ਹਿੱਸੇ ਦੀ ਸ਼ਾਮਲਾਤ ਜ਼ਮੀਨ ਵਿਧਾਇਕ ਦੇ ਚਹੇਤਿਆਂ ਨੂੰ ਦੇ ਦਿੱਤੀ ਹੈ। ਜਦੋਂ ਅੱਜ ਪ੍ਰਸ਼ਾਸਨ ਨੇ ਜ਼ਮੀਨ ਖਾਲੀ ਕਰਵਾਉਣੀ ਸ਼ੁਰੂ ਕੀਤੀ ਤਾਂ ਉਨ੍ਹਾਂ ਇਸ ਦਾ ਵਿਰੋਧ ਕੀਤਾ ਤਾਂ ਪੁਲੀਸ ਨੇ ਉਨ੍ਹਾਂ ਦੀ ਜਥੇਬੰਦੀ ਦੇ ਦਰਜਨਾਂ ਕਾਰਕੁਨਾਂ ਨੂੰ ਲਾਠੀਚਾਰਜ ਕਰ ਕੇ ਜ਼ਖ਼ਮੀ ਕਰ ਦਿੱਤਾ ਜਿਨ੍ਹਾਂ ਵਿਚੋਂ ਪੰਜ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਪੁਲੀਸ ਨੇ ਉਨ੍ਹਾਂ ਦੇ ਕਈ ਕਾਰਕੁਨਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ ਪਰ ਇਹ ਨਹੀਂ ਦੱਸਿਆ ਜਾ ਰਿਹਾ ਕਿ ਉਨ੍ਹਾਂ ਨੂੰ ਕਿੱਥੇ ਰੱਖਿਆ ਗਿਆ ਹੈ। ਕਮੇਟੀ ਦੀ ਮੈਂਬਰ ਅਮਨਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਜਦੋਂ ਫਰਜ਼ੀ ਬੋਲੀ ਦੀ ਸ਼ਿਕਾਇਤ ਦਰਜ ਕਰਵਾਈ ਤਾਂ ਮਾਮਲੇ ਦੀ ਜਾਂਚ ਕੀਤੇ ਬਿਨਾਂ ਹੀ ਜ਼ਮੀਨ ਅੱਗੇ ਦੇ ਦਿੱਤੀ। ਦੂਜੇ ਪਾਸੇ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਉਹ 20 ਜੁਲਾਈ ਨੂੰ ਵੀ ਜ਼ਮੀਨ ਖਾਲੀ ਕਰਵਾਉਣ ਲਈ ਗਏ ਸਨ ਪਰ ਵਿਰੋਧ ਕਾਰਨ ਵਾਪਸ ਆ ਗਏ ਪਰ ਅੱਜ ਮੁੜ ਪੁਲੀਸ ਤੇ ਪ੍ਰਸ਼ਾਸਨਿਕ ਅਧਿਕਾਰੀ ਜ਼ਮੀਨ ਖਾਲੀ ਕਰਵਾਉਣ ਗਏ ਤਾਂ ਉਨ੍ਹਾਂ ਦੀ ਟੀਮ ’ਤੇ ਪੱਥਰਾਂ ਨਾਲ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਪੁਲੀਸ ਵੱਲੋਂ ਲਾਠੀਚਾਰਜ ਕੀਤਾ ਗਿਆ। ਡੀਐਸਪੀ ਨਾਭਾ ਦਵਿੰਦਰ ਕੁਮਾਰ ਅਤਰੀ ਨੇ ਦੱਸਿਆ ਕਿ ਇਸ ਹਮਲੇ ਵਿਚ ਥਾਣਾ ਮੁਖੀ ਕੋਤਵਾਲੀ ਨਾਭਾ ਹੈਰੀ ਬੋਪਾਰਾਏ ਸਣੇ ਚਾਰ ਮੁਲਾਜ਼ਮ ਜ਼ਖ਼ਮੀ ਹੋਏ ਹਨ ਜੋ ਜ਼ੇਰੇ ਇਲਾਜ ਹਨ। ਬੀਡੀਪੀਓ ਨਾਭਾ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਨਿਯਮਾਂ ਤਹਿਤ ਹੀ ਜ਼ਮੀਨ ਅਲਾਟੀਆਂ ਨੂੰ ਦਿੱਤੀ ਗਈ ਹੈ। ਦੂਜੇ ਪਾਸੇ ਬਲਬੀਰ ਸਿੰਘ ਨੇ ਦੱਸਿਆ ਕਿ ਐਸਸੀ ਭਾਈਚਾਰੇ ਦੇ ਲੋਕਾਂ ਨੂੰ ਵੀ ਜ਼ਮੀਨ ਅਲਾਟ ਕੀਤੀ ਗਈ ਹੈ। ਉਨ੍ਹਾਂ ਦੋਵੇਂ ਪਾਰਟੀਆਂ ਨੂੰ 24 ਜੁਲਾਈ ਨੂੰ ਸੱਦਿਆ ਹੈ ਤੇ ਮਾਮਲਾ ਹੱਲ ਕਰ ਲਿਆ ਜਾਵੇਗਾ। ਐੱਸਐੱਸਪੀ ਪਟਿਆਲਾ ਵਰੁਣ ਸ਼ਰਮਾ ਨੇ ਦੱਸਿਆ ਕਿ ਇਸ ਮਾਮਲੇ ਵਿਚ ਕਈ ਧਰਨਾਕਾਰੀਆਂ ਨੂੰ ਨਾਭਾ ਸਦਰ ਥਾਣੇ ਵਿਚ ਪਰਚਾ ਦਰਜ ਕਰ ਕੇ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲੀਸ ਕੋਲ ਵੀਡੀਓ ਸਬੂਤ ਮੌਜੂਦ ਹਨ ਕਿ ਲੋਕਾਂ ਨੇ ਪਹਿਲਾਂ ਇੱਟਾਂ ਰੋੜੇ ਚਲਾ ਕੇ ਪੁਲੀਸ ’ਤੇ ਹਮਲਾ ਕੀਤਾ।