ਸਹਿਕਾਰਤਾ ਤੇ ਜੇਲ ਮੰਤਰੀ ਨੇ ਪੁਲਵਾਮਾ ਹਮਲੇ ਦੇ ਪੰਜਾਬ ਨਾਲ ਸਬੰਧਤ ਸੀ.ਆਰ.ਪੀ.ਐਫ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਵੰਡੇ ਚੈੱਕ
ਚੰਡੀਗੜ, 21 ਜੂਨ:
“ਪੁਲਵਾਮਾ ਹਮਲੇ ਦੌਰਾਨ ਸ਼ਹੀਦ ਹੋਏ ਸੀ.ਆਰ.ਪੀ.ਐਫ. ਦੇ ਜਵਾਨਾਂ ਨੇ ਦੇਸ਼ ਦੀ ਰੱÝਖਿਆ ਲਈ ਇੱਕ ਵੱਡੀ ਕੁਰਬਾਨੀ ਦਿੱਤੀ ਹੈ ਜੋ ਕਿ ਸਾਡੇ ਲਈ ਅਭੁੱਲ ਹੈ ਅਤੇ ਅਸੀਂ ਹਰ ਮਾੜੇ- ਚੰਗੇ ਸਮੇਂ ਸ਼ਹੀਦਾਂ ਦੇ ਪਰਿਵਾਰਾਂ ਨਾਲ ਖੜਾਂਗੇ। ਸ਼ਹੀਦ ਹਮੇਸ਼ਾਂ ਲੋਕਾਂ ਦੇ ਦਿਲਾਂ ਵਿੱਚ ਵਸਦੇ ਰਹਿੰਦੇ ਹਨ।”
ਇਹ ਪ੍ਰਗਟਾਵਾ ਸਹਿਕਾਰਤਾ ਤੇ ਜੇਲ ਮੰਤਰੀ ਪੰਜਾਬ , ਸ੍ਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਮਿਲਕਫੈੱਡ ਦਫ਼ਤਰ ਵਿਖੇ ਪੁਲਵਾਮਾ ਹਮਲੇ ਵਿੱਚ ਸ਼ਹੀਦ ਹੋਏ ਪੰਜਾਬ ਦੇ 4 ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਚੈੱਕ ਵੰਡਣ ਸਮੇਂ ਕੀਤਾ।
ਮੰਤਰੀ ਨੇ ਦੱਸਿਆ ਕਿ ਕਨੇਡਾ ਤੋਂ ਸੰਜੀਵ ਆਹਲੂਵਾਲੀਆ ਅਤੇ ਉਨਾਂ ਦੇ ਦੋਸਤਾਂ ਵੱਲੋਂ ਪੁਲਵਾਮਾ ਹਮਲੇ ਵਿੱਚ ਸ਼ਹੀਦ ਹੋਏ ਪੰਜਾਬ ਦੇ ਜਵਾਨਾਂ ਦੇ ਪਰਿਵਾਰਾਂ ਨੂੰ 3100 ਡਾਲਰ ਪ੍ਰਤੀ ਪਰਿਵਾਰ ਦਿੱਤਾ ਗਿਆ ਹੈ ਅਤੇ ਮਿਲਕਫੈੱਡ ਵੱਲੋਂ ਵੀ ਹਰੇਕ ਪਰਿਵਾਰ ਨੂੰ 20000 ਰੁਪਏ ਦਿੱਤੇ ਗਏ ਹਨ, ਇਸ ਤਰਾਂ ਪ੍ਰਤੀ ਪਰਿਵਾਰ ਇਹ ਰਾਸ਼ੀ ਕੁੱਲ 7 ਲੱਖ ਤੋਂ ਵੱਧ ਬਣਦੀ ਹੈ। ਇਸ ਤੋਂ ਪਹਿਲਾਂ ਮੰਤਰੀ ਨੇ ਸ਼ਹੀਦ ਕਾਂਸਟੇਬਲ ਮਨਿੰਦਰ ਸਿੰਘ ਅੱਤਰੀ, ਕਾਂਸਟੇਬਲ ਜੈਮਲ ਸਿੰਘ, ਕਾਂਸਟੇਬਲ ਸੁਖਜਿੰਦਰ ਸਿੰਘ ਅਤੇ ਕਾਂਸਟੇਬਲ ਕੁਲਵਿੰਦਰ ਸਿੰਘ ਦੇ ਪਰਿਵਾਰਾਂ ਨੂੰ ਚੈੱਕ ਵੰਡੇ।
ਇਸ ਮੌਕੇ ਹੋਰਾਂ ਪਤਵੰਤਿਆਂ ਤੋਂ ਇਲਾਵਾ ਮਿਲਕਫੈੱਡ ਦੇ ਮੈਨੇਜਿੰਗ ਡਾਇਰੈਕਟਰ, ਸ੍ਰੀ ਕਮਲਦੀਪ ਸਿੰਘ ਸੰਘਾ ਤੇ ਮਿਲਕਫੈਡ ਦੇ ਹੋਰ ਅਧਿਕਾਰੀ ਮੌਜੂਦ ਸਨ।