ਤਲਵੰਡੀ ਸਾਬੋ, 3 ਜਨਵਰੀ
ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਰਾਜੌਰੀ ਖੇਤਰ ਵਿੱਚ ਪਾਕਿਸਤਾਨੀ ਸੈਨਿਕਾਂ ਵੱਲੋਂ ਕੀਤੀ ਗਈ ਗੋਲੀਬਾਰੀ ਦੌਰਾਨ ਸ਼ਹੀਦ ਹੋਏ 2-ਸਿੱਖ ਰੈਜਮੈਂਟ ਦੇ ਲਾਂਸ ਨਾਇਕ ਕੁਲਦੀਪ ਸਿੰਘ ਕੌਰੇਆਣਾ ਨਮਿਤ ਸ਼ਰਧਾਂਜਲੀ ਸਮਾਗਮ ਅੱਜ ਪਿੰਡ ਕੌਰੇਆਣਾ ਦੀ ਅਨਾਜ ਮੰਡੀ ਵਿੱਚ ਹੋਇਆ। ਇਸ ਮੌਕੇ ਵੱਖ-ਵੱਖ ਸਿਆਸੀ ਪਾਰਟੀਆਂ, ਧਾਰਮਿਕ ਦੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ, ਇਲਾਕੇ ਭਰ ਦੀਆਂ ਪੰਚਾਇਤਾਂ, ਰਿਸ਼ਤੇਦਾਰਾਂ, ਸਾਬਕਾ ਫੌਜੀਆਂ, ਫੌਜ ਤੇ ਸਿਵਲ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸ਼ਹੀਦ ਕੁਲਦੀਪ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਪੀੜਤ ਪਰਿਵਾਰ ਦਾ ਦੁੱਖ ਵੰਡਾਇਆ।
ਸ਼ਰਧਾਂਜਲੀ ਸਮਾਗਮ ਮੌਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸ਼ਹੀਦ ਕੁਲਦੀਪ ਸਿੰਘ ਦੀ ਪਤਨੀ ਜਸਪ੍ਰੀਤ ਕੌਰ ਨੂੰ ਪੰਜਾਬ ਸਰਕਾਰ ਵੱਲੋਂ ਸਹਾਇਤਾ ਰਾਸ਼ੀ ਦਾ ਚੈੱਕ ਸੌਂਪਿਆ। ਉਨ੍ਹਾਂ ਸ਼ਹੀਦ ਦੀ ਪਤਨੀ ਨੂੰ ਸਰਕਾਰੀ ਨੌਕਰੀ ਦੇਣ, ਦੋਵਾਂ ਬੱਚਿਆਂ ਰਛਨੂਰ ਸਿੰਘ (ਛੇ ਸਾਲ) ਤੇ ਬੇਟੀ ਦਮਨਪ੍ਰੀਤ ਕੌਰ (ਡੇਢ ਸਾਲ) ਦੀ ਪੜ੍ਹਾਈ ਪੰਜਾਬ ਸਰਕਾਰ ਵੱਲੋਂ ਕਰਵਾਉਣ, ਪਿੰਡ ਦੇ ਸਰਕਾਰੀ ਸਕੂਲ ਦਾ ਨਾਮ ਸ਼ਹੀਦ ਦੇ ਨਾਮ ’ਤੇ ਰੱਖਣ, ਸ਼ਹੀਦ ਦੀ ਮਾਤਾ ਰਾਣੀ ਕੌਰ ਦੇ ਨਾਮ ਪੈਟਰੋਲ ਪੰਪ ਜਾਂ ਗੈਸ ਏਜੰਸੀ ਅਲਾਟ ਕਰਨ, ਇੱਕ ਟਿਊਬਵੈੱਲ ਮੋਟਰ ਦਾ ਕੁਨੈਕਸ਼ਨ ਦੇਣ ਤੇ ਪਿੰਡ ਵਿੱਚ ਸ਼ਹੀਦ ਦੀ ਯਾਦ ਵਿੱਚ ਲਾਇਬ੍ਰੇਰੀ ਬਣਾਉਣ ਲਈ ਦਸ ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ।
‘ਆਪ’ ਦੇ ਮਹਿਲਾ ਵਿੰਗ ਦੀ ਸੂਬਾ ਕਨਵੀਨਰ ਤੇ ਹਲਕਾ ਵਿਧਾਇਕਾ ਬਲਜਿੰਦਰ ਕੌਰ ਨੇ ਸ਼ਹੀਦ ਦੀ ਪਤਨੀ ਨੂੰ ਆਮ ਆਦਮੀ ਪਾਰਟੀ ਵੱਲੋਂ ਐਲਾਨੀ ਪੰਜਾਹ ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਸੌਂਪਿਆ। ਸਾਬਕਾ ਡੀਆਈਜੀ ਹਰਿੰਦਰ ਸਿੰਘ ਚਾਹਲ ਨੇ ਸ਼ਹੀਦ ਦੇ ਪਰਿਵਾਰ ਨੂੰ ਆਪਣੇ ਵੱਲੋਂ ਪੰਜਾਹ ਹਜ਼ਾਰ ਰੁਪਏ, ਆਪਣੇ ਪੁੱਤਰ ਅਦਾਕਾਰ ਗੁਲਜ਼ਾਰ ਇੰਦਰ ਚਾਹਲ ਵੱਲੋਂ 26 ਹਜ਼ਾਰ ਰੁਪਏ ਤੇ ਉਸ ਦੇ ਐੱਨਆਰਆਈ ਦੋਸਤਾਂ ਵੱਲੋਂ ਭੇਜੀ ਗਈ 21-21 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਸੌਂਪੀ।
ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਜੀਤ ਮੁਹਿੰਦਰ ਸਿੰਘ ਸਿੱਧੂ ਨੇ ਇੱਕ ਲੱਖ ਰੁਪਏ ਤੇ ਹਲਕੇ ਦੀ ਅਕਾਲੀ ਲੀਡਰਸ਼ਿਪ ਵੱਲੋਂ ਪੰਜਾਹ ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦੇ ਸ਼ਹੀਦ ਦੇ ਪਰਿਵਾਰ ਨੂੰ ਸੌਂਪੇ ਗਏ। ਇਸੇ ਤਰ੍ਹਾਂ 2-ਸਿੱਖ ਰੈਜਮੈਂਟ ਵੱਲੋਂ ਪੁੱਜੇ ਸੂਬੇਦਾਰ ਮੇਜਰ ਲਖਵਿੰਦਰ ਸਿੰਘ ਨੇ ਇੱਕ ਲੱਖ ਰੁਪਏ ਦਾ ਚੈੱਕ ਆਪਣੀ ਯੂਨਿਟ ਵੱਲੋਂ ਪੀੜਤ ਪਰਿਵਾਰ ਨੂੰ ਸੌਂਪਿਆ। ਕਲਗੀਧਰ ਟਰੱਸਟ ਬੜੂ ਸਾਹਿਬ ਦੇ ਕਾਕਾ ਵੀਰ ਸਿੰਘ ਨੇ ਸਬੰਧਿਤ ਅਕਾਲ ਅਕੈਡਮੀ ਤੇ ਅਕਾਲ ਯੂਨੀਵਰਸਿਟੀ ਵਿੱਚ ਸ਼ਹੀਦ ਦੇ ਦੋਵਾਂ ਬੱਚਿਆਂ ਦੀ ਮੁੱਢਲੀ ਤੇ ਉਚੇਰੀ ਪੜ੍ਹਾਈ ਮੁਫ਼ਤ ਦੇਣ ਦਾ ਐਲਾਨ ਕੀਤਾ।