ਚੰਡੀਗੜ੍ਹ, 4 ਅਗਸਤ

ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਹੈ ਕਿ ਨਕਲੀ ਸ਼ਰਾਬ ਦੀ ਤਰਾਸਦੀ ਦਾ ਸੇਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨੇੜਲਿਆਂ ਤੱਕ ਪਹੁੰਚਦਾ ਦੇਖ ਕੇ ਕਾਂਗਰਸੀ ਘਬਰਾ ਗਏ ਹਨ। ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਚਾਰ ਵੱਖ ਵੱਖ ਮੰਤਰੀਆਂ ਦੇ ਨਾਂ ’ਤੇ ਜਾਰੀ ਕੀਤੇ ਬਿਆਨਾਂ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਮੁੱਖ ਮੰਤਰੀ ਦੀ ਜੁੰਡਲੀ ਇਸ ਗੱਲੋਂ ਘਬਰਾ ਗਈ ਹੈ ਕਿ ਜੇ ਮਾਮਲੇ ਦੀ ਹਾਈ ਕੋਰਟ ਦੇ ਮੌਜੂਦਾ ਜੱਜ ਜਾਂ ਸੀਬੀਆਈ ਨੇ ਨਿਰਪੱਖ ਜਾਂਚ ਕਰ ਲਈ ਤਾਂ ਫਿਰ ਉਹ ਫਸ ਜਾਣਗੇ। ਇਸੇ ਲਈ ਕਾਂਗਰਸੀ ਵਿਧਾਇਕਾਂ ਤੇ ਕਾਂਗਰਸ ਪਾਰਟੀ ਨਾਲ ਜੁੜੇ ਡਿਸਟਿਲਰੀ ਮਾਲਕਾਂ ਨੂੰ ਫੜਨ ਦੀ ਥਾਂ ਚਾਰਾਂ ਮੰਤਰੀਆਂ ਨੇ ਸਿਆਸਤ ਤੋਂ ਪ੍ਰੇਰਿਤ ਬਿਆਨ ਜਾਰੀ ਕੀਤਾ ਹੈ। ਡਾ. ਚੀਮਾ ਨੇ ਕਿਹਾ ਕਿ ਅਕਾਲੀ ਦਲ ਉਦੋਂ ਤੱਕ ਚੈਨ ਨਾਲ ਨਹੀਂ ਬੈਠੇਗਾ ਜਦੋਂ ਤੱਕ ਸੂਬੇ ਦੇ ਇਤਿਹਾਸ ਵਿਚ ਨਕਲੀ ਸ਼ਰਾਬ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਤਰਾਸਦੀ ਦੇ ਪੀੜਤਾਂ ਨੂੰ ਨਿਆਂ ਨਹੀਂ ਮਿਲ ਜਾਂਦਾ।

ਅਕਾਲੀ ਆਗੂ ਨੇ ਕਿਹਾ ਕਿ ਪੰਜਾਬੀ ਇਹ ਆਸ ਕਰਦੇ ਸਨ ਕਿ ਮੰਤਰੀ ਮੁੱਖ ਮੰਤਰੀ ਕੋਲ ਜਾਣਗੇ ਤੇ ਇਸ ਦੁਖਾਂਤ ਦੇ ਵੱਡੇ ਪ੍ਰਭਾਵ ਦੀ ਜਾਣਕਾਰੀ ਦੇਣਗੇ ਪਰ ਇਸ ਦੀ ਥਾਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਸਮੇਤ ਇਨ੍ਹਾਂ ਮੰਤਰੀਆਂ ਨੇ ਇਸ ਮਾਮਲੇ ’ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਜਿਸ ਤੋਂ ਸੰਕੇਤ ਮਿਲੇ ਹਨ ਕਿ ਉਹ ਇਸ ਮਾਮਲੇ ਨੂੰ ਛੇਤੀ ਦਬਾਉਣਾ ਚਾਹੁੰਦੇ ਹਨ ਕਿਉਂਕਿ ਉਨ੍ਹਾਂ ਦਾ ਵੀ ਸ਼ਰਾਬ ਕਾਰੋਬਾਰ ਵਿਚ ਹਿੱਸਾ ਹੈ। ਉਨ੍ਹਾਂ ਮੰਤਰੀਆਂ ਨੂੰ ਆਖਿਆ ਕਿ ਉਹ ਦੱਸਣ ਕਿ ਕਾਂਗਰਸ ਸਰਕਾਰ ਨੇ ਰਾਜਪੁਰਾ ਵਿਚ ਫੜੀ ਗਈ ਨਾਜਾਇਜ਼ ਡਿਸਟਿਲਰੀ ਦੇ ਮਾਮਲੇ ਵਿਚ ਦੋ ਕਾਂਗਰਸੀ ਵਿਧਾਇਕਾਂ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ। ਉਨ੍ਹਾਂ ਨੇ ਚਾਰਾਂ ਮੰਤਰੀਆਂ ਨੂੰ ਇਹ ਵੀ ਆਖਿਆ ਕਿ ਉਹ ਲੋਕਾਂ ਨੂੰ ਦੱਸਣ ਕਿ ਉਹ ਮਾਝਾ ਇਲਾਕੇ ਦੇ ਉਨ੍ਹਾਂ ਚਾਰ ਵਿਧਾਇਕਾਂ ਨੂੰ ਬਚਾਉਣ ਦਾ ਯਤਨ ਕਿਉਂ ਕਰ ਰਹੇ ਹਨ ਜਿਨ੍ਹਾਂ ’ਤੇ ਨਕਲੀ ਸ਼ਰਾਬ ਤ੍ਰਾਸਦੀ ਦੇ ਪੀੜਤ ਪਰਿਵਾਰਾਂ ਨੇ ਨਕਲੀ ਸ਼ਰਾਬ ਸਪਲਾਈ ਕਰਨ ਦੇ ਦੋਸ਼ ਲਗਾਏ ਹਨ।

ਡਾ. ਚੀਮਾ ਨੇ ਕਾਂਗਰਸੀ ਮੰਤਰੀਆਂ ਨੂੰ ਕਿਹਾ ਕਿ ਉਹ ਗਲਤ ਦੂਸ਼ਣਬਾਜ਼ੀ ਕਰ ਕੇ ਨਕਲੀ ਸ਼ਰਾਬ ਤ੍ਰਾਸਦੀ ਤੋਂ ਲੋਕਾਂ ਦਾ ਧਿਆਨ ਪਾਸੇ ਕਰਨ ਦਾ ਯਤਨ ਨਾ ਕਰਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਹਾਲੇ ਤੱਕ ਨਕਲੀ ਸ਼ਰਾਬ ਦੀ ਵਿਕਰੀ ਨਾਲ ਮਿਲੇ ਪੈਸੇ ਕਿਉਂ ਬਰਾਮਦ ਨਹੀਂ ਕੀਤੇ ਗਏ। ਡਾ. ਚੀਮਾ ਨੇ ਕਿਹਾ ਕਿ ਅਕਾਲੀ ਦਲ ਇਹ ਯਕੀਨੀ ਬਣਾਏਗਾ ਕਿ ਪੀੜਤਾਂ ਨੂੰ ਇਨਸਾਫ ਮਿਲੇ। ਇਸ ਲਈ ਉਹ ਸਰਕਾਰ ਖ਼ਿਲਾਫ਼ ਸੰਘਰਸ਼ ਵੀ ਕਰਨਗੇ।