ਅੱਜ ਉਸ ਨੂੰ ਦੇਖ ਮੈਂ ਫਿਰ ਪਾਸਾ ਵੱਟਣਾ ਚਾਹਿਆ। ਮੈਨੂੰ ਡਰ ਸੀ ਕਿਤੇ ਫਿਰ ਆ ਕੇ ਕਹਿ ਨਾ ਦੇਵੇ, ‘‘ਬਾਈ, ਪੈਸੇ ਚਾਹੀਦੇ ਆ।’’ ਪਰ ਉਹ ਬੜੀ ਕਾਹਲ ਨਾਲ ਮੇਰੇ ਵੱਲ ਵਧਿਆ ਤੇ ਮੈਨੂੰ ਉੱਥੋਂ ਖਿਸਕਣ ਦਾ ਮੌਕਾ ਨਾ ਮਿਲਿਆ। ਮੇਰੇ ਕੋਲ ਆ ਕੇ ਉਹ ਸਾਈਕਲ ਤੋਂ ਇੱਕ ਪਾਸੇ ਲੱਤ ਥੱਲੇ ਲਾ ਖੜ੍ਹ ਗਿਆ। ਉਸ ਨੇ ਮੇਰਾ ਹਾਲ-ਚਾਲ ਪੁੱਛਿਆ ਤੇ ਨਾਲ ਹੀ ਆਪਣੀ ਜੇਬ੍ਹ ’ਚੋਂ ਸੌ ਦਾ ਨੋਟ ਕੱਢ ਕੇ ਮੇਰੇ ਹੱਥ ’ਚ ਫੜਾਉਣ ਲੱਗਾ। ਮੈਂ ਹੈਰਾਨ ਹੋ ਕੇ ਉਸ ਨੂੰ ਪੁੱਛਿਆ, ‘‘ਇਹ ਕੀ?’’ ਉਹਨੇ ਬੜੇ ਸਹਿਜ ਨਾਲ ਜਵਾਬ ਦਿੱਤਾ, ‘‘ਬਾਈ, ਉਸ ਦਿਨ ਤੇਰੇ ਦਿੱਤੇ ਪੰਜਾਹ ਰੁਪਇਆਂ ਨੇ ਬਹੁਤ ਸਾਥ ਦਿੱਤਾ। ਇਸੇ ਲਈ ਇਹ ਪੈਸੇ ਮੈਂ ਵਾਪਸ ਦੇਣ ਆਇਆ ਹਾਂ।’’ ਮੈਂ ਕਿਹਾ, ‘‘ਮੈਂ ਤਾਂ ਸਿਰਫ਼ ਪੰਜਾਹ ਹੀ ਦਿੱਤੇ ਸਨ।’’ ਉਸ ਕਿਹਾ, ‘‘ਬਾਈ, ਲੋੜ ਵੇਲੇ ਤੇਰੇ ਦਿੱਤੇ ਉਹ ਪੰਜਾਹ ਮੈਨੂੰ ਲੱਖਾਂ ਵਰਗੇ ਸਨ। ਮੇਰੀ ਖ਼ੁਸ਼ੀ ਲਈ ਤੂੰ ਇਹ ਪੈਸੇ ਜ਼ਰੂਰ ਰੱਖ ਲੈ।’’
ਮੈਂ ਉਸ ਦਿਨ ਬਾਰੇ ਸੋਚਣ ਲੱਗ ਪਿਆ, ਜਦੋਂ ਦਿਹਾੜੀ ਨਾ ਬਣਨ ਕਰਕੇ ਘਰੇ ਰੋਟੀ ਲਈ ਆਟਾ ਲਿਜਾਣ ਵਾਸਤੇ ਉਸ ਨੇ ਮੈਥੋਂ ਕੁਝ ਪੈਸੇ ਉਧਾਰ ਮੰਗੇ ਸਨ। ਮੇਰੇ ਕੋਲ ਵੱਧ ਪੈਸੇ ਹੁੰਦੇ ਹੋਏ ਵੀ ਮੈਂ ਉਸ ਨੂੰ ਸਿਰਫ਼ ਪੰਜਾਹ ਰੁਪਏ ਹੀ ਦਿੱਤੇ ਸਨ ਕਿਉਂਕਿ ਮੈਨੂੰ ਪੈਸੇ ਵਾਪਸ ਮੁੜਨ ਦੀ ਆਸ ਨਹੀਂ ਸੀ। ਪਰ ਅੱਜ ਉਹ ਸ਼ਖ਼ਸ ਮੈਨੂੰ ਪੈਸੇ ਮੋੜਨ ਲਈ ਲੱਭਦਾ ਫਿਰਦਾ ਸੀ ਤੇ ਮੈਂ ਇਹ ਸੋਚ ਕੇ ਉਸ ਤੋਂ ਅੱਖ ਬਚਾਉਂਦਾ ਫਿਰ ਰਿਹਾ ਸਾਂ ਕਿ ਉਹ ਮੁੜ ਮੈਥੋਂ ਪੈਸੇ ਉਧਾਰ ਨਾ ਮੰਗ ਲਵੇ। ਮੇਰੇ ਨਾਂਹ-ਨੁੱਕਰ ਕਰਨ ’ਤੇ ਵੀ ਉਸ ਨੇ ਧੱਕੇ ਨਾਲ ਮੈਨੂੰ ਪੈਸੇ ਫੜਾਏ ਤੇ ਸਾਈਕਲ ਦਾ ਪੈਡਲ ਮਾਰ ਕੇ ਚਲਾ ਗਿਆ।
ਮੈਂ ਸ਼ਰਮਿੰਦਗੀ ’ਚ ਗੜੁੱਚ ਉੱਥੇ ਖੜ੍ਹਾ ਕਦੇ ਉਸ ਨੂੰ ਜਾਂਦੇ ਨੂੰ ਵੇਖ ਰਿਹਾ ਸੀ ਤੇ ਕਦੇ ਆਪਣੇ ਹੱਥ ’ਚ ਫੜੇ ਸੌ ਦੇ ਨੋਟ ਨੂੰ।
– ਪਿੰਦਰ ਢੁੱਡੀਕੇ