ਵਾਸ਼ਿੰਗਟਨ, 9 ਅਕਤੂਬਰ

ਉਪ ਵਿਦੇਸ਼ ਮੰਤਰੀ ਵੈਂਡੀ ਸ਼ਰਮਨ ਦੀ ਨਵੀਂ ਦਿੱਲੀ ਦੀ ਫੇਰੀ ਨਾਲ ਅਮਰੀਕਾ ਨੂੰ ਭਾਰਤ ਨਾਲ ਆਪਣੀ ਰਣਨੀਤਕ ਸਾਂਝ ਨੂੰ ਹੋਰ ਗੂੜ੍ਹਾ ਕਰਨ ਅਤੇ ਖੇਤਰੀ ਤੇ ਆਲਮੀ ਸੁਰੱਖਿਆ ਚੁਣੌਤੀਆਂ ਜਿਵੇਂ ਅਫ਼ਗਾਨਿਸਤਾਨ ਤੇ ਹਿੰਦ-ਪ੍ਰਸ਼ਾਂਤ ਦੀ ਸਥਿਤੀ ਨਾਲ ਨਜਿੱਠਣ ਲਈ ਕੁਝ ਪ੍ਰਮੁੱਖ ਵਾਰਤਾਕਾਰਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਇਹ ਜਾਣਕਾਰੀ ਅਮਰੀਕਾ ਦੇ ਵਿਦੇਸ਼ ਦਫ਼ਤਰ ਦੇ ਸਿਖਰਲੇ ਅਧਿਕਾਰੀ ਨੇ ਸਾਂਝੀ ਕੀਤੀ। 

ਆਪਣੇ ਤਿੰਨ ਰੋਜ਼ਾ ਦੌਰੇ ਦੌਰਾਨ ਸ਼ਰਮਨ ਨੇ ਵਿਦੇਸ਼ ਸਕੱਤਰ ਹਰਸ਼ ਵਰਧਨ ਸ਼੍ਰਿੰਗਲਾ ਅਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਮਹੱਤਵਪੂਰਨ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਅਫ਼ਗਾਨਿਤਸਾਨ ਵਿੱਚ ਹਾਲ ਹੀ ਵਿੱਚ ਹੋਈ ਤਬਦੀਲੀ, ਸਰਹੱਦ ਪਾਰ ਅਤਿਵਾਦ ਨੂੰ ਨੱਥ ਪਾਉਣ ਦੀ ਲੋੜ ਅਤੇ ਉਸ ਮੁਲਕ ਵਿੱਚ ਸ਼ਾਂਤੀ ਤੇ ਸਥਿਰਤਾ ਯਕੀਨੀ ਬਣਾਉਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਤੋਂ ਇਲਾਵਾ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦਾ ਪ੍ਰਸਤਾਵ ਲਾਗੂ ਕਰਨ   ਸਬੰਧੀ ਵੀ ਗੱਲਬਾਤ ਕੀਤੀ ਗਈ। ਵਿਦੇਸ਼ ਦਫ਼ਤਰ ਦੇ ਤਰਜਮਾਨ ਨੈੱਡ ਪ੍ਰਾਈਸ ਨੇ ਦੱਸਿਆ ਕਿ ਸ਼ਰਮਨ ਦੇ ਦੌਰੇ ਨਾਲ ਅਮਰੀਕਾ ਨੂੰ ਭਾਰਤ ਨਾਲ ਰਣਨੀਤਿਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਦਾ ਮੌਕਾ ਮਿਲਿਆ।