ਮੁੰਬਈ, 3 ਮਈ
ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨਸੀਪੀ) ਦੇ ਪ੍ਰਧਾਨ ਸ਼ਰਦ ਪਵਾਰ ਨੇ ਅੱਜ ਪਾਰਟੀ ਪ੍ਰਧਾਨ ਦਾ ਅਹੁਦਾ ਛੱਡਣ ਦਾ ਐਲਾਨ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਜ਼ਿਕਰਯੋਗ ਹੈ ਪਾਰਟੀ ਦੀ ਅਗਵਾਈ ਪਵਾਰ 1999 ਤੋਂ ਇਸ ਦੀ ਸਥਾਪਨਾ ਦੇ ਸਮੇਂ ਤੋਂ ਹੀ ਕਰ ਰਹੇ ਹਨ। ਉਨ੍ਹਾਂ ਹੀ ਐੱਨਸੀਪੀ ਦੀ ਸਥਾਪਨਾ ਕੀਤੀ ਸੀ। ਪਵਾਰ (82) ਨੇ ਇਹ ਐਲਾਨ ਆਪਣੀ ਆਤਮਕਥਾ ਦੇ ਸੋਧੇ ਹੋਏ ਰੂਪ ਦੇ ਲਾਂਚ ਮੌਕੇ ਕੀਤਾ ਹੈ। ਉਨ੍ਹਾਂ ਦੇ ਇਸ ਫ਼ੈਸਲੇ ਦਾ ਪਾਰਟੀ ਵਰਕਰਾਂ ਤੇ ਆਗੂਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਆਗੂਆਂ ਤੇ ਵਰਕਰਾਂ ਨੇ ਪਵਾਰ ਨੂੰ ਫ਼ੈਸਲਾ ਵਾਪਸ ਲੈਣ ਲਈ ਕਿਹਾ ਹੈ। ਐੱਨਸੀਪੀ ਆਗੂ ਜੈਅੰਤ ਪਾਟਿਲ ਤੇ ਜਿਤੇਂਦਰ ਅਵਾਹਦ ਅੱਜ ਪਵਾਰ ਦੇ ਐਲਾਨ ਮੌਕੇ ਜਜ਼ਬਾਤੀ ਹੋ ਗਏ। ਪਾਰਟੀ ਦੇ ਸੰਸਦ ਮੈਂਬਰ ਪ੍ਰਫੁਲ ਪਟੇਲ ਨੇ ਸ਼ਰਦ ਪਵਾਰ ਨੂੰ ਫ਼ੈਸਲਾ ਵਾਪਸ ਲੈਣ ਦੀ ਬੇਨਤੀ ਕੀਤੀ। ਪਟੇਲ ਨੇ ਕਿਹਾ ਕਿ ਪਵਾਰ ਨੇ ਆਪਣੇ ਅਸਤੀਫ਼ੇ ਦੇ ਐਲਾਨ ਤੋਂ ਪਹਿਲਾਂ ਕਿਸੇ ਨੂੰ ਵੀ ਭਰੋਸੇ ਵਿਚ ਨਹੀਂ ਲਿਆ।
ਪਵਾਰ ਨੇ ਇਸ ਮੌਕੇ ਕਿਹਾ ਕਿ ਉਨ੍ਹਾਂ ਆਪਣਾ ਸਿਆਸੀ ਸਫ਼ਰ ਪਹਿਲੀ ਮਈ 1960 ਨੂੰ ਸ਼ੁਰੂ ਕੀਤਾ ਸੀ ਜੋ ਕਿ ਪਿਛਲੇ 63 ਸਾਲਾਂ ਤੋਂ ਹੁਣ ਤੱਕ ਬੇਰੋਕ ਜਾਰੀ ਹੈ। ਉਨ੍ਹਾਂ ਕਿਹਾ, ‘ਮੈਂ ਵੱਖ-ਵੱਖ ਅਹੁਦਿਆਂ ਉਤੇ ਰਹਿੰਦਿਆਂ ਮਹਾਰਾਸ਼ਟਰ ਤੇ ਭਾਰਤ ਦੀ ਸੇਵਾ ਕੀਤੀ ਹੈ। ਰਾਜ ਸਭਾ ਮੈਂਬਰ ਵਜੋਂ ਮੇਰੇ ਤਿੰਨ ਸਾਲ ਬਾਕੀ ਹਨ, ਇਸ ਦੌਰਾਨ ਮੈਂ ਮਹਾਰਾਸ਼ਟਰ ਤੇ ਭਾਰਤ ਨਾਲ ਜੁੜੇ ਮੁੱਦਿਆਂ ਉਤੇ ਧਿਆਨ ਕੇਂਦਰਿਤ ਕਰਾਂਗਾ, ਮੈਂ ਇਸ ਦੌਰਾਨ ਕੋਈ ਜ਼ਿੰਮੇਵਾਰੀ ਨਹੀਂ ਸੰਭਾਲਾਂਗਾ। ਪਹਿਲੀ ਮਈ 1960 ਤੋਂ ਲੈ ਕੇ ਪਹਿਲੀ ਮਈ 2023 ਤੱਕ ਲੋਕ ਸੇਵਾ ਵਿਚ ਬਿਤਾਏ ਲੰਮੇ ਸਮੇਂ ਤੋਂ ਬਾਅਦ ਹੁਣ ਪਿੱਛੇ ਹੋਣ ਦਾ ਸਮਾਂ ਆ ਗਿਆ ਹੈ। ਇਸ ਲਈ ਮੈਂ ਐੱਨਸੀਪੀ ਦੇ ਪ੍ਰਧਾਨ ਵਜੋਂ ਹਟ ਰਿਹਾ ਹੈ।’ ਐੱਨਸੀਪੀ ਦੇ ਸੀਨੀਅਰ ਆਗੂ ਅਜੀਤ ਪਵਾਰ ਨੇ ਕਿਹਾ ਕਿ ਸੀਨੀਅਰ ਪਵਾਰ ਅਸਤੀਫ਼ੇ ਬਾਰੇ ਪਾਰਟੀ ਦੇ ਕਮੇਟੀ ਦੇ ਫ਼ੈਸਲੇ ਨੂੰ ਮੰਨਣਗੇ। ਸ਼ਰਦ ਪਵਾਰ ਨੇ ਭਾਵੁਕ ਹੋਏ ਪਾਰਟੀ ਵਰਕਰਾਂ ਨੂੰ ਕਿਹਾ, ‘ਮੈਂ ਤੁਹਾਡੇ ਨਾਲ ਹਾਂ, ਪਰ ਐੱਨਸੀਪੀ ਪ੍ਰਧਾਨ ਵਜੋਂ ਨਹੀਂ।’ ਪਵਾਰ ਦਾ ਅਸਤੀਫ਼ਾ ਉਸ ਵੇਲੇ ਸਾਹਮਣੇ ਆਇਆ ਹੈ ਜਦ ਅਗਲੇ ਸਾਲ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੂੰ ਵੱਖ-ਵੱਖ ਵਿਚਾਰਧਾਰਾਵਾਂ ਤੇ ਹਿੱਤਾਂ ਵਾਲੀਆਂ ਵਿਰੋਧੀ ਪਾਰਟੀਆਂ ਨੂੰ ਇਕਜੁੱਟ ਕਰਨ ਵਾਲੇ ਥੰਮ੍ਹ ਵਜੋਂ ਦੇਖਿਆ ਜਾ ਰਿਹਾ ਹੈ। ਐੱਨਸੀਪੀ ਮੁਖੀ ਨੇ ਕਿਹਾ ਕਿ ਉਹ ਸਿੱਖਿਆ, ਖੇਤੀਬਾੜੀ, ਸਹਿਕਾਰਤਾ, ਖੇਡਾਂ ਤੇ ਸਭਿਆਚਾਰ ਦੇ ਖੇਤਰਾਂ ਵਿਚ ਹੋਰ ਕੰਮ ਕਰਨਾ ਚਾਹੁੰਦੇ ਹਨ। ਇਸ ਤੋਂ ਇਲਾਵਾ ਉਹ ਨੌਜਵਾਨਾਂ, ਵਿਦਿਆਰਥੀਆਂ, ਵਰਕਰਾਂ, ਦਲਿਤਾਂ, ਆਦਿਵਾਸੀਆਂ ਤੇ ਸਮਾਜ ਦੇ ਪੱਛੜੇ ਵਰਗਾਂ ਦੇ ਮੁੱਦਿਆਂ ’ਤੇ ਧਿਆਨ ਦੇਣਾ ਚਾਹੁੰਦੇ ਹਨ। ਪਵਾਰ ਨੇ ਨਾਲ ਹੀ ਸਿਫ਼ਾਰਿਸ਼ ਕੀਤੀ ਕਿ ਨਵੇਂ ਪ੍ਰਧਾਨ ਬਾਰੇ ਫ਼ੈਸਲਾ ਐੱਨਸੀਪੀ ਮੈਂਬਰਾਂ ਦੀ ਇਕ ਕਮੇਟੀ ਲਏ। ਕਮੇਟੀ ਦੇ ਗਠਨ ਵੇਲੇ ਇਸ ਵਿਚ ਚੋਟੀ ਦੇ ਆਗੂ ਸ਼ਾਮਲ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਮੇਟੀ ਵਿਚ ਪ੍ਰਫੁਲ ਪਟੇਲ, ਸੁਨੀਲ ਤਤਕਰੇ, ਕੇਕੇ ਸ਼ਰਮਾ, ਪੀਸੀ ਚਾਕੋ, ਅਜੀਤ ਪਵਾਰ, ਜੈਅੰਤ ਪਾਟਿਲ, ਸੁਪ੍ਰਿਆ ਸੁਲੇ, ਛਗਨ ਭੁਜਬਲ, ਦਿਲੀਪ ਵਾਲਸੇ ਪਾਟਿਲ, ਅਨਿਲ ਦੇਸ਼ਮੁਖ, ਰਾਜੇਸ਼ ਟੋਪੇ, ਜਿਤੇਂਦਰ ਅਵਾਹਦ, ਹਸਨ ਮੁਸ਼ਰਿਫ, ਧਨੰਜੈ ਮੁੰਡੇ ਤੇ ਜੈਦੇਵ ਗਾਇਕਵਾੜ ਨੂੰ ਸ਼ਾਮਲ ਕਰਨ ਦੀ ਸਿਫ਼ਾਰਿਸ਼ ਵੀ ਕੀਤੀ। ਉਨ੍ਹਾਂ ਕਿਹਾ ਕਿ ਇਸ ਵਿਚ ‘ਐਕਸ-ਆਫੀਸ਼ੀਓ’ ਮੈਂਬਰ ਵੀ ਸ਼ਾਮਲ ਹੋਣ। ਪਵਾਰ ਨਾਲ ਐੱਨਸੀਪੀ ਦੀ ਸਥਾਪਨਾ ਕਰਨ ਵਾਲੇ ਤਾਰਿਕ ਅਨਵਰ ਨੇ ਕਿਹਾ ਕਿ ਉਨ੍ਹਾਂ ਕੋਲ (ਸ਼ਰਦ ਪਵਾਰ) ਭਵਿੱਖ ਲਈ ਕੋਈ ਨਾ ਕੋਈ ਯੋਜਨਾ ਹੋਵੇਗੀ।