ਦੁਬਈ, 18 ਨਵੰਬਰ
ਬਗਲਾਦੇਸ਼ ਖ਼ਿਲਾਫ਼ ਇੰਦੌਰ ਵਿੱਚ ਖੇਡੇ ਗਏ ਪਹਿਲੇ ਟੈਸਟ ਮੈਚ ਵਿੱਚ ਭਾਰਤ ਦੀ ਪਾਰੀ ਅਤੇ 130 ਦੌੜਾਂ ਦੀ ਜਿੱਤ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਅਤੇ ਸਲਾਮੀ ਬੱਲੇਬਾਜ਼ ਮਾਯੰਕ ਅਗਰਵਾਲ ਨੇ ਆਈਸੀਸੀ ਦੀ ਤਾਜ਼ਾ ਦਰਜਾਬੰਦੀ ਵਿੱਚ ਅੱਜ ਆਪਣਾ ਸਰਵੋਤਮ ਸਥਾਨ ਹਾਸਲ ਕੀਤਾ ਹੈ। ਪਹਿਲੀ ਪਾਰੀ ਵਿੱਚ 27 ਦੌੜਾਂ ਦੇ ਕੇ ਤਿੰਨ ਅਤੇ ਦੂਜੀ ਪਾਰੀ ਵਿੱਚ 31 ਦੌੜਾਂ ਦੇ ਕੇ ਚਾਰ ਵਿਕਟਾਂ ਲੈਣ ਵਾਲਾ ਸ਼ਮੀ ਅੱਠ ਦਰਜਿਆਂ ਦੇ ਫ਼ਾਇਦੇ ਨਾਲ ਸੱਤਵੇਂ ਨੰਬਰ ’ਤੇ ਪਹੁੰਚ ਗਿਆ। ਉਹ 790 ਦਰਜਾਬੰਦੀ ਅੰਕ ਨਾਲ ਤੀਜਾ ਸਰਵੋਤਮ ਭਾਰਤੀ ਤੇਜ਼ ਗੇਂਦਬਾਜ਼ ਹੈ।
ਇਸ ਮਾਮਲੇ ਵਿੱਚ ਕਪਿਲ ਦੇਵ (877 ਅੰਕ) ਅਤੇ ਜਸਪ੍ਰੀਤ ਬੁਮਰਾਹ (832 ਅੰਕ) ਕ੍ਰਮਵਾਰ ਪਹਿਲੇ ਅਤੇ ਦੂਜੇ ਸਥਾਨ ’ਤੇ ਹਨ। ਬੰਗਲਾਦੇਸ਼ ਖ਼ਿਲਾਫ਼ ਕਰੀਅਰ ਦੀ ਸਰਵੋਤਮ 243 ਦੌੜਾਂ ਦੀ ਪਾਰੀ ਖੇਡ ਕੇ ‘ਮੈਨ ਆਫ ਦਿ ਮੈਚ’ ਰਿਹਾ 28 ਸਾਲਾ ਮਾਯੰਕ ਬੱਲੇਬਾਜ਼ਾਂ ਦੀ ਦਰਜਾਬੰਦੀ ਵਿੱਚ 11ਵੇਂ ਸਥਾਨ ’ਤੇ ਹੈ। ਕਰੀਅਰ ਦੇ ਸ਼ੁਰੂਆਤੀ ਅੱਠ ਟੈਸਟਾਂ ਵਿੱਚ 858 ਦੌੜਾਂ ਬਣਾਉਣ ਵਾਲੇ ਇਸ ਬੱਲੇਬਾਜ਼ ਦੇ ਨਾਮ 691 ਰੇਟਿੰਗ ਅੰਕ ਹਨ। ਸ਼ੁਰੂਆਤੀ ਅੱਠ ਟੈਸਟ ਵਿੱਚ ਸਿਰਫ਼ ਸੱਤ ਬੱਲੇਬਾਜ਼ਾਂ ਨੇ ਮਾਯੰਕ ਤੋਂ ਵੱਧ ਦੌੜਾਂ ਬਣਾਈਆਂ ਹਨ, ਜਿਸ ਵਿੱਚ ਡਾਨ ਬਰੈਡਮੈਨ (1210), ਐਵਰਟਨ ਵੀਕਸ (968), ਸੁਨੀਲ ਗਾਵਸਕਰ (938), ਮਾਰਕ ਟੇਲਰ (906), ਜੌਰਜ ਹੈਡਲੀ (904), ਫਰੈਂਕ ਵੋਰੈੱਲ (890) ਅਤੇ ਹਰਬਰਟ ਸਟਕਲਿੱਫ਼ (872) ਸ਼ਾਮਲ ਹਨ। ਭਾਰਤ ਦੇ ਚਾਰ ਬੱਲੇਬਾਜ਼ ਸਿਖਰਲੇ ਦਸ ਵਿੱਚ ਸ਼ਾਮਲ ਹਨ, ਜਿਨ੍ਹਾਂ ਵਿੱਚ ਕਪਤਾਨ ਵਿਰਾਟ ਕੋਹਲੀ ਦੂਜੇ, ਚੇਤੇਸ਼ਵਰ ਪੁਜਾਰਾ ਚੌਥੇ, ਅਜਿੰਕਿਆ ਰਹਾਣੇ ਪੰਜਵੇਂ ਅਤੇ ਰੋਹਿਤ ਸ਼ਰਮਾ ਦਸਵੇਂ ਨੰਬਰ ’ਤੇ ਸ਼ਾਮਲ ਹੈ। ਹਰਫ਼ਨਮੌਲਾ ਰਵਿੰਦਰ ਜਡੇਜਾ ਬੱਲੇਬਾਜ਼ਾਂ ਦੀ ਦਰਜਾਬੰਦੀ ਵਿੱਚ ਚਾਰ ਸਥਾਨਾਂ ਦੇ ਸੁਧਾਰ ਨਾਲ ਸਾਂਝੇ ਤੌਰ ’ਤੇ 35ਵੇਂ ਸਥਾਨ ’ਤੇ ਪਹੁੰਚ ਗਿਆ।

ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ (20ਵੇਂ) ਅਤੇ ਉਮੇਸ਼ ਯਾਦਵ (22ਵੇਂ) ਨੇ ਦਰਜਾਬੰਦੀ ਵਿੱਚ ਇੱਕ-ਇੱਕ ਦਰਜੇ ਦਾ ਸੁਧਾਰ ਕੀਤਾ ਹੈ। ਆਫ ਸਪਿੰਨਰ ਰਵੀਚੰਦਰਨ ਅਸ਼ਵਿਨ ਵੀ ਚੋਟੀ ਦੇ ਦਸ ਵਿੱਚ ਸ਼ਾਮਲ ਹੈ, ਜਦਕਿ ਉਹ ਹਰਫ਼ਨਮੌਲਾ ਖਿਡਾਰੀਆਂ ਵਿੱਚ ਚੌਥੇ ਸਥਾਨ ’ਤੇ ਪਹੁੰਚ ਗਿਆ ਹੈ। ਬੰਗਲਾਦੇਸ਼ ਵੱਲੋਂ 43 ਅਤੇ 64 ਦੌੜਾਂ ਦੀ ਪਾਰੀ ਖੇਡਣ ਵਾਲਾ ਮੁਸ਼ਫਿਕੁਰ ਰਹੀਮ ਪੰਜ ਦਰਜਿਆਂ ਦੇ ਸੁਧਾਰ ਨਾਲ 39ਵੇਂ ਨੰਬਰ ’ਤੇ ਪਹੁੰਚ ਗਿਆ ਹੈ। ਗੇਂਦਬਾਜ਼ਾਂ ਵਿੱਚ ਚਾਰ ਵਿਕਟਾਂ ਲੈਣ ਵਾਲਾ ਅਬੂ ਜੱਯਦ 18 ਦਰਜਿਆਂ ਦੇ ਸੁਧਾਰ ਨਾਲ 62ਵੇਂ ਸਥਾਨ ’ਤੇ ਹੈ। ਇਸ ਦੌਰਾਨ ਭਾਰਤ ਨੇ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿੱਚ ਸਿਖਰ ’ਤੇ ਆਪਣੀ ਲੀਡ ਹੋਰ ਮਜ਼ਬੂਤ ਕਰ ਲਈ ਹੈ। ਟੀਮ ਦੇ ਨਾਮ ਹੁਣ 300 ਅੰਕ ਹਨ, ਜਦਕਿ ਸ੍ਰੀਲੰਕਾ ਅਤੇ ਨਿਊਜ਼ੀਲੈਂਡ 60-60 ਅੰਕਾਂ ਨਾਲ ਦੂਜੇ ਸਥਾਨ ’ਤੇ ਹਨ।