ਮੁੰਬਈ, 23 ਮਾਰਚ

ਬੌਲੀਵੁੱਡ ਅਦਾਕਾਰ ਸੰਜੈ ਕਪੂਰ ਦੀ ਧੀ ਸ਼ਨਾਇਆ ਕਪੂਰ ਇਸ ਸਾਲ ਜੁਲਾਈ ਮਹੀਨੇ ਆਪਣੀ ਪਹਿਲੀ ਫਿਲਮ ਸ਼ੁਰੂ ਕਰੇਗੀ। ਉਹ ਕਰਨ ਜੌਹਰ ਦੇ ‘ਧਰਮਾ ਪ੍ਰੋਡਕਸ਼ਨ’ ਦੇ ਬੈਨਰ ਹੇਠਲੀ ਫਿਲਮ ਵਿੱਚ ਨਜ਼ਰ ਆਵੇਗੀ, ਜਿਸ ਬਾਰੇ ਕਰਨ ਜੌਹਰ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਹੈ। ਉਸ ਦੀ ਪਹਿਲੀ ਫਿਲਮ ਬਾਰੇ ਅਜੇ ਹੋਰ ਜਾਣਕਾਰੀ ਅਜੇ ਸਾਂਝੀ ਨਹੀਂ ਕੀਤੀ ਗਈ। ਕਰਨ ਜੌਹਰ ਨੇ ਟਵੀਟ ਕੀਤਾ, ‘ਸਾਡੇ ਪਰਿਵਾਰ ਵਿੱਚ ਇੱਕ ਹੋਰ ਖ਼ੂਬਸੂਰਤ ਵਾਧਾ ਹੋਇਆ ਹੈ। ਡੀਸੀਏ ਸਕੁਐਡ ਵਿੱਚ ਤੁਹਾਡਾ ਸਵਾਗਤ ਹੈ ਸ਼ਨਾਇਆ ਕਪੂਰ। ਉਸ ਦਾ ਜੋਸ਼, ਲਗਨ ਤੇ ਮਿਹਨਤ ਦੇਖਣ ਵਾਲੀ ਹੈ। ਉਹ ਇਸ ਜੁਲਾਈ @ਧਰਮਾਮੂਵੀਜ਼ ਨਾਲ ਆਪਣੀ ਪਹਿਲੀ ਫਿਲਮ ਕਰਨ ਜਾ ਰਹੀ ਹੈ, ਇਸ ਲਈ ਸਾਨੂੰ ਤੁਹਾਡੇ ਪਿਆਰ ਤੇ ਸ਼ੁੱਭਕਾਮਨਾਵਾਂ ਦੀ ਲੋੜ ਹੈ।’ ਸੰਜੈ ਕਪੂਰ ਨੇ ਵੀ ਆਪਣੇ ਇੰਸਟਾਗ੍ਰਾਮ ਖਾਤੇ ’ਤੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ। ਦੱਸਣਯੋਗ ਹੈ ਕਿ ਸ਼ਨਾਇਆ ਕਪੂਰ, ਨਿਰਮਾਤਾ ਬੋਨੀ ਕਪੂਰ ਤੇ ਉੱਘੇ ਬੌਲੀਵੁੱਡ ਅਦਾਕਾਰ ਅਨਿਲ ਕਪੂਰ ਦੀ ਭਤੀਜੀ ਹੈ।