•ਪਹਿਲੀ ਤਿਮਾਹੀ ‘ਚ ਲੋਕਾਂ ਕੋਲੋਂ ਕਰਜ਼ੇ ਦੀਆਂ ਕਿਸ਼ਤਾਂ ਟੁੱਟਣ ਦੀ ਦਰ ‘ਚ ਭਾਰੀ ਵਾਧਾ
•ਕਰੈਡਿਟ ਏਜੰਸੀ ਦੀ ਰਿਪੋਰਟ ‘ਚ ਅਹਿਮ ਖੁਲਾਸੇ
ਟੋਰਾਂਟੋ- ) – ਕਰੋਨਾਂ ਮਹਾਂਮਾਰੀ ਤੋਂ ਬਾਅਦ ਲੀਹੋਂ-ਲੱਥੀ ਕੈਨੇਡੀਅਨ ਅਰਥਵਿਵਸਥਾ ਦੇ ਮੁੜ ਪੱਟੜੀ ‘ਤੇ ਚੜ੍ਹਨ ਦੀ ਉਮੀਦ ਨੂੰ ਜਿੱਥੇ ਵਿਸ਼ਵ ਜੰਗਾਂ ਕਾਰਨ ਪ੍ਰਭਾਵਿਤ ਹੋਈ ਨੇ ਮੱਠਾ ਪਾਇਆ, ਉਥੇ ਰਹਿੰਦੀ ਕਸਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਟੈਰਿਫ ਦੀ ਛੇੜੀ ਗਈ ਅਣਕਿਆਸੀ ਜੰਗ ਨੇ ਕੈਨੇਡੀਅਨ ਲੋਕਾਂ ਦੀ ਆਰਥਿਕ ਸਮਰੱਥਾ ਨੂੰ ਵੱਡਾ ਖੋਰਾ ਲਾਇਆ ਹੈ ।
ਮੌਜੂਦਾ ਅਸਥਿਰਤਾ ਵਾਲੇ ਹਾਲਾਤ ‘ਚ ਕੈਨੇਡਾ ਦੀ ਵਕਾਰੀ ਕਰੈਡਿਟ ਏਜੰਸੀ ਏਕੁਫੈਕਸ ਵੱਲੋਂ ਇਸ ਸੰਬੰਧੀ ਜਾਰੀ ਕੀਤੀ ਗਈ ਰਿਪੋਰਟ ‘ਚ ਅਹਿਮ ਖੁਲਾਸੇ ਕੀਤੇ ਗਏ ਹਨ।
ਰਿਪੋਰਟ ‘ਚ ਖੁਲਾਸਾ ਕੀਤਾ ਗਿਆ ਹੈ ਕਿ ਇਸ ਸਾਲ ਦੀ ਪਹਿਲੀ ਤਿਮਾਹੀ ‘ਚ ਕੈਨੇਡੀਅਨ ਲੋਕਾਂ ਵੱਲੋਂ ਕਰਜ਼ੇ ਦੀਆਂ ਕਿਸ਼ਤਾਂ ਟੁੱਟ ਜਾਣ ਦੀ ਦਰ ‘ਚ ਵੱਡਾ ਵਾਧਾ ਦਰਜ ਕੀਤਾ ਗਿਆ ਹੈ। ਏਜੰਸੀ ਦਾ ਕਹਿਣਾ ਹੈ ਕਿ ਸਾਲ ਦੀ ਪਹਿਲੀ ਤਿਮਾਹੀ ‘ਚ 1.4 ਮਿਲੀਅਨ ਦੇ ਕਰੀਬ ਕੈਨੇਡੀਅਨ ਲੋਕਾਂ ਵੱਲੋਂ ਆਪਣੇ ਕਰਜ਼ੇ ਦੀਆਂ ਕਿਸ਼ਤਾਂ ਨਹੀਂ ਤਾਰੀਆਂ ਜਾ ਸਕੀਆਂ। ਏਜੰਸੀ ਦੇ ਮੀਤ ਪ੍ਰਧਾਨ ਰਬੇਕਾ ਓਕਸ ਨੇ ਦੱਸਿਆ ਹੈ ਕਿ ਇਸਦੇ ਕੁਝ ਮੁੱਖ ਕਾਰਨ ਹੋ ਸਕਦੇ ਹਨ ਕਿ ਲੋਕਾਂ ਦੇ ਰੁਜ਼ਗਾਰ ਖੁੱਸ ਰਹੇ ਹਨ, ਦੇਸ਼ ‘ਚ ਅਸਥਿਰਤਾ ਦਾ ਮਾਹੌਲ ਅਤੇ ਦੇਸ਼ ਦੇ ਵੱਡੇ ਵਪਾਰਕ ਭਾਈਵਾਲ਼ ਅਮਰੀਕਾ ਵੱਲੋਂ ਛੇੜੀ ਗਈ ਅਣਕਿਆਸੀ ਵਪਾਰਕ ਜੰਗ ਆਦਿ ਹਨ ।
ਏਜੰਸੀ ਦਾ ਮੰਨਣਾ ਹੈ ਕਿ ਭਾਵੇਂ ਕੈਨੇਡੀਅਨ ਲੋਕਾਂ ‘ਚ ਖਰਚ ਕਰਨ ਦਾ ਰੁਝਾਨ ਅੱਗੇ ਨਾਲੋਂ ਘਟਿਆ ਹੈ ਪਰ ਫਿਰ ਵੀ ਪਹਿਲਾਂ ਤੋਂ ਹੀ ਚੁੱਕੇ ਗਏ ਕਰਜ਼ੇ ਦੀਆਂ ਕਿਸ਼ਤਾਂ ਦੀ ਅਦਾਇਗੀ ਟੁੱਟ ਰਹੀ ਹੈ। ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਘਰਾਂ ਦੇ ਕਰਜ਼ੇ ਤੋਂ ਇਲਾਵਾ ਹੋਰ ਕਰਜ਼ਿਆਂ ਦੀ ਅਦਾਇਗੀ ਟੁੱਟਣ ਦੀ ਦਰ ‘ਚ 8.9 ਫ਼ੀਸਦੀ ਵਾਧਾ ਹੋਇਆ ਹੈ ਜਦੋਂ ਕਿ ਮੌਰਟਗੇਜ ਦੀ ਅਦਾਇਗੀ ਟੁੱਟਣ ਦੇ ਮਾਮਲਿਆਂ ‘ਚ ਵੀ 6.5 ਫ਼ੀਸਦੀ ਵਾਧਾ ਹੋਇਆ ਹੈ । ਸਾਲ ਦੀ ਪਹਿਲੀ ਤਿਮਾਹੀ ਵਿੱਚ ਹੀ ਕੈਨੇਡਾ ਦੇ ਲੋਕਾਂ ਦੇ ਕੁੱਲ ਕਰਜ਼ੇ ‘ਚ 2.55 ਟ੍ਰਿਲੀਅਨ ਦਾ ਵਾਧਾ ਦਰਜ ਹੋਇਆ ਹੈ। ਜੇ ਓਨਟਾਰੀਓ ਦੀ ਗੱਲ ਕਰੀਏ ਤਾਂ ਇੱਥੇ ਲੋਕਾਂ ਦੀ ਘਰਾਂ ਦੇ ਕਰਜ਼ੇ ਦੀ ਅਦਾਇਗੀ ਖੁੰਝਣ ‘ਚ 71.5 ਫ਼ੀਸਦੀ ਵਾਧਾ ਹੋਇਆ ਹੋਇਆ ਜੋ ਪਿੱਛਲੇ ਸਾਲ ਦੇ 0.14 ਤੋਂ 0.24 ਤੱਕ ਬਣਦਾ ਹੈ ।