ਚੰਡੀਗੜ੍ਹ, ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਵੱਡੇ ਕਿਸਾਨਾਂ ਜਿਵੇਂ ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ਅਤੇ ਹੋਰਨਾਂ ਤੋਂ ਕਰਜ਼ੇ ਦੀ ਵਸੂਲੀ ਲਈ ਵਿਭਾਗ ਵੱਲੋਂ ਸਖ਼ਤੀ ਨਾਲ ਮੁਹਿੰਮ ਚਲਾਈ ਜਾਵੇਗੀ। ਅੱਜ ਇੱਥੇ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਵੱਡੇ ਕਿਸਾਨਾਂ ਨੇ ਆਪਣੇ ਪਰਿਵਾਰਾਂ ਦੇ ਸਾਰੇ ਮੈਂਬਰਾਂ ਦੇ ਨਾਂ ’ਤੇ ਕਰਜ਼ੇ ਲਏ ਹੋਏ ਹਨ, ਪਰ ਕਰਜ਼ਿਆਂ ਦੀਆਂ ਕਿਸ਼ਤਾਂ ਨਹੀਂ ਮੋੜੀਆਂ।
ਉਨ੍ਹਾਂ ਕਿਹਾ ਕਿ ਸਹਿਕਾਰੀ ਅਦਾਰਿਆਂ ਦਾ ਕਰਜ਼ਾ ਨਾ ਮੋੜਨ ਵਾਲਿਆਂ ਵਿੱਚ ਕਾਂਗਰਸ ਨਾਲ ਸਬੰਧਤ ਆਗੂ ਵੀ ਸ਼ਾਮਲ ਹਨ। ਇਨ੍ਹਾਂ ਵੱਡੇ ਕਿਸਾਨਾਂ ਵੱਲ 276 ਕਰੋੜ ਰੁਪਏ ਦਾ ਕਰਜ਼ਾ ਖੜ੍ਹਾ ਹੈ, ਜਿਸ ਸਬੰਧੀ ਹਰ ਮਹੀਨੇ 20 ਵੱਡੇ ਕਿਸਾਨਾਂ ਖਿਲਾਫ ਕਾਰਵਾਈ ਆਰੰਭੀ ਜਾਵੇਗੀ। ਇਸ ਵਾਰ ਜਿਹੜੇ 20 ਕਿਸਾਨ ਲਏ ਗਏ ਹਨ, ਉਨ੍ਹਾਂ ਵੱਲ 10 ਤੋਂ 12 ਕਰੋੜ ਰੁਪਏ ਤੱਕ ਦਾ ਕਰਜ਼ਾ ਖੜ੍ਹਾ ਹੈ। ਸ੍ਰੀ ਰੰਧਾਵਾ ਨੇ ਕਿਹਾ ਸਹਿਕਾਰੀ ਬੈਂਕਾਂ ਨੂੰ ਮਜ਼ਬੂਤ ਕਰਨ ਲਈ ਰਿਕਵਰੀ ਵਧਾਈ ਜਾਵੇਗੀ ਅਤੇ ਇਹ ਨਿੱਜੀ ਬੈਂਕਾਂ ਵਾਂਗ ਪੇਸ਼ੇਵਾਰ ਪਹੁੰਚ ਅਪਣਾ ਕੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਵਿੱਚ ਉਨ੍ਹਾਂ ਵੱਡੇ ਡਿਫਾਲਟਰਾਂ ਦੀ ਸੂਚੀ ਤਿਆਰ ਕਰਜ਼ੇ ਦੀ ਕੋਈ ਵੀ ਕਿਸ਼ਤ ਨਹੀਂ ਮੋੜੀ। ਉਨ੍ਹਾਂ ਕਿਸਾਨਾਂ ਨੂੰ ਰਾਹਤ ਦਾ ਐਲਾਨ ਕਰਦਿਆਂ ਕਿਹਾ ਕਿ ਕਿ ਕਰਜ਼ਾ ਲੈਣ ਸਮੇਂ ਨਵੀਆਂ ਜਮ੍ਹਾਂਬੰਦੀਆਂ ਦੀ ਉਨ੍ਹਾਂ ਕਿਸਾਨਾਂ ਨੂੰ ਜ਼ਰੂਰਤ ਨਹੀਂ, ਜਿਨ੍ਹਾਂ ਦੀ ਪੜਤਾਲ ਪਹਿਲਾਂ ਹੀ ਪਟਵਾਰੀਆਂ ਵੱਲੋਂ ਕੀਤੀ ਜਾ ਚੁੱਕੀ ਹੈ ਜਾਂ ਜਿਨ੍ਹਾਂ ਦੀ ਜ਼ਮੀਨ ਦਾ ਰਿਕਾਰਡ ਪੋਰਟਲ ਉਪਰ ਚੜ੍ਹ ਚੁੱਕਾ ਹੈ। ਉਨ੍ਹਾਂ ਸਾਫ਼ ਕੀਤਾ ਕਿ ਉਸੇ ਕਿਸਾਨ ਨੂੰ ਨਵੀਂ ਜਮ੍ਹਾਂਬੰਦੀ ਲੈਣ ਦੀ ਲੋੜ ਹੈ, ਜਿਸ ਦੇ ਜ਼ਮੀਨੀ ਰਕਬੇ ਵਿੱਚ ਪ੍ਰਸ਼ਾਸਕੀ ਸੁਧਾਰ ਦੇ ਪੋਰਟਲ ਤੋਂ ਡਾਊਨਲੋਡ ਸੂਚੀ ਵਿੱਚ ਫਰਕ ਹੈ।

ਸਹਿਕਾਰਤਾ ਮੰਤਰੀ ਨੇ ਦੱਸਿਆ ਕਿ ਸੂਬੇ ਵਿੱਚ 3543 ਸਹਿਕਾਰੀ ਸੁਸਾਇਟੀਆਂ ਵਿੱਚੋਂ 1993 ਮੁਨਾਫੇ ਵਿੱਚ ਹਨ ਅਤੇ 1550 ਘਾਟੇ ਵਿੱਚ। ਵਿਭਾਗ ਵੱਲੋਂ ਘਾਟੇ ਵਾਲੀਆਂ ਸੁਸਾਇਟੀਆਂ ਨੂੰ ਪੈਰਾਂ ’ਤੇ ਖੜ੍ਹੇ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਜਦੋਂ ਕਿ ਮੁਨਾਫੇ ਵਾਲੀਆਂ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 1450 ਸੁਸਾਇਟੀਆਂ ਅਜਿਹੀਆਂ ਹਨ ਜਿੱਥੇ ਐਗਰੋ ਸਰਵਿਸ ਸੈਂਟਰ ਹਨ। ਸਹਿਕਾਰਤਾ ਮੰਤਰੀ ਨੇ ਕਿਹਾ ਕਿ ਸਰਕਾਰੀ ਵਿਭਾਗਾਂ ਦੀ ਰਕਮ ਇਨ੍ਹਾਂ ਬੈਂਕਾਂ ਵਿੱਚ ਜਮ੍ਹਾਂ ਕਰਵਾਉਣ ਅਤੇ ਮੁਲਾਜ਼ਮਾਂ ਦੇ ਤਨਖਾਹ ਵਾਲੇ ਖਾਤੇ ਇਨ੍ਹਾਂ ਬੈਂਕਾਂ ਵਿੱਚ ਖੋਲ੍ਹਣ ਦੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਆਪਣੇ ਵਿਭਾਗ ਦੀ ਰਕਮ ਸਹਿਕਾਰੀ ਬੈਂਕਾਂ ਵਿੱਚ ਜਮ੍ਹਾਂ ਕਰਵਾਉਣ ਦੀ ਸਹਿਮਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਲ੍ਹ ਵਿਭਾਗ ਦੇ ਮੁਲਾਜ਼ਮਾਂ ਦੇ ਤਨਖਾਹ ਵਾਲੇ ਖਾਤੇ ਵੀ ਸਹਿਕਾਰੀ ਬੈਂਕਾਂ ਵਿੱਚ ਖੁੱਲ੍ਹਵਾਏ ਜਾਣਗੇ ਅਤੇ ਹਰ ਜੇਲ੍ਹ ਵਿੱਚ ਸਹਿਕਾਰੀ ਬੈਂਕ ਦਾ ਏਟੀਐਮ ਸਥਾਪਤ ਕੀਤਾ ਜਾਵੇਗਾ।
ਸ਼ੂਗਰਫੈਡ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੁਝ ਖੰਡ ਮਿੱਲਾਂ ਬੰਦ ਪਈਆਂ ਹਨ। ਜਿਨ੍ਹਾਂ ਦੇ ਚੱਲਣ ਦੀ ਸੰਭਾਵਨਾ ਹੈ, ਉਸ ਬਾਰੇ ਮਾਹਿਰਾਂ ਦੀ ਰਾਏ ਲੈਣ ਉਪਰੰਤ ਫੈਸਲਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਬਟਾਲਾ ਵਿਖੇ ਨਵੀਂ ਖੰਡ ਮਿੱਲ ਸਥਾਪਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇ ਕਣਕ ਤੇ ਝੋਨੇ ਵਾਂਗ ਗੰਨੇ ਦਾ ਵੀ ਘੱਟੋ-ਘੱਟ ਸਮਰਥਨ ਮੁੱਲ ਕਿਸਾਨਾਂ ਨੂੰ ਫਸਲ ਵੇਚਣ ਸਾਰ ਹੀ ਮਿਲ ਜਾਵੇ ਤਾਂ ਖੰਡ ਮਿੱਲਾਂ ਹੋਰ ਸੁਰਜੀਤ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਵੇਰਕਾ ਦੁੱਧ ਨੂੰ ਕੌਮੀ ਰਾਜਧਾਨੀ ਨਵੀਂ ਦਿੱਲੀ ਦੇ ਬਾਜ਼ਾਰ ਵਿੱਚ ਭੇਜਿਆ ਜਾਵੇਗਾ। ਪੰਜਾਬ ਵਿੱਚ ਵੇਰਕਾ ਪਹਿਲਾਂ ਹੀ ਸਿਖਰਲਾ ਬਰਾਂਡ ਹੈ ਅਤੇ ਹੁਣ ਇਹ ਆਪਣਾ ਦਾਇਰਾ ਹੋਰ ਵਧਾਏਗਾ। ਮੀਟਿੰਗ ਵਿੱਚ ਵਧੀਕ ਮੁੱਖ ਸਕੱਤਰ ਤੇ ਵਿੱਤ ਕਮਿਸ਼ਨਰ ਸਹਿਕਾਰਤਾ ਡੀ.ਪੀ. ਰੈਡੀ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ। ਇਸ ਮੌਕੇ ਵਿਭਾਗ ਦੇ ਪੰਦਰਵਾੜਾ ਰਸਾਲੇ ‘ਪੰਜਾਬ ਕੋਆਪ੍ਰੇਸ਼ਨ’ ਦਾ ਮਈ ਮਹੀਨੇ ਦਾ ਪਹਿਲਾ ਅੰਕ ਵੀ ਰਿਲੀਜ਼ ਕੀਤਾ ਗਿਆ।