ਮੋਗਾ, 28 ਅਗਸਤ

ਕੋਵਿਡ-19 ਦਾ ਫ਼ੈਲਾਅ ਰੋਕਣ ਲਈ ਸਿਹਤ ਵਿਭਾਗ ਦੀ ਜਿਥੇ ਕਰੋਨਾ ਨਮੂਨਿਆਂ ਦੀ ਜਾਂਚ ਸ਼ੱਕ ਦੇ ਘੇਰੇ ’ਚ ਹੈ ਉਥੇ ਸਥਾਨਕ ਸਿਹਤ ਵਿਭਾਗ ਦੀ ਵੱਡੀ ਲਾਪ੍ਰਵਾਹੀ ਕਾਰਨ ਅੱਜ ਕਰੋਨਾ ਪਾਜ਼ੇਟਿਵ ਸਰਕਾਰੀ ਮੁਲਾਜਮ ਵਿਧਾਨ ਸਭਾ ’ਚ ਡਿਊਟੀ ਕਰ ਰਿਹਾ ਹੈ। ਇਥੋਂ ਦੇ ਸਿਵਲ ਹਸਪਤਾਲ ’ਚ ਸਿਹਤ ਵਿਭਾਗ ਟੀਮ ਨੇ ਇਸ ਸਰਕਾਰੀ ਮੁਲਾਜ਼ਮ ਦਾ 24 ਅਗਸਤ ਨੂੰ ਸਵੇਰੇ 11.30 ਵਜੇ ਨਮੂਨਾ ਲੈ ਕੇ ਫ਼ਰੀਦਕੋਟ ਭੇਜਿਆ ਸੀ, ਜਿਸ ਦੀ ਅੱਜ ਰਿਪੋਰਟ ਪਾਜ਼ੇਟਿਵ ਆਈ ਹੈ। ਸਰਕਾਰੀ ਮੁਲਾਜ਼ਮ ਦੀ ਵਿਧਾਨ ਸਭਾ ’ਚ ਮਾਰਸ਼ਲ ਐਮਰਜੈਂਸੀ ਡਿਊਟੀ ਹੋਣ ਕਾਰਨ ਉਸ ਦਾ 24 ਅਗਸਤ ਨੂੰ ਹੀ ਹੋਰ ਨਮੂਨਾ ਲੈ ਕੇ ਟਰੂਨਾਟ ਮਸ਼ੀਨ ਨਾਲ 12.30 ਵਜੇ ਜਾਂਚਿਆ ਗਿਆ ਅਤੇ ਉਸ ਦੀ ਰਿਪੋਰਟ ਨੈਗੇਟਿਵ ਹੋਣ ਕਾਰਨ ਪੁਲੀਸ ਵਿਭਾਗ ਨੇ 27 ਅਗਸਤ ਨੂੰ ਹੀ ਇਸ ਮੁਲਾਜ਼ਮ ਨੂੰ ਚੰਡੀਗੜ੍ਹ ਵਿਧਾਨ ਸਭਾ ਸੈਸ਼ਨ ਲਈ ਰਵਾਨਾ ਕਰ ਦਿੱਤਾ ਗਿਆ ਸੀ। ਹੁਣ ਅੱਜ 28 ਅਗਸਤ ਨੂੰ ਵਿਧਾਨ ਸਭਾ ਸੈਸ਼ਨ ਚੱਲ ਰਿਹਾ ਹੈ ਇਸ ਦੌਰਾਨ ਹੀ ਵਿਭਾਗ ਨੂੰ ਫ਼ਰੀਦਕੋਟ ਲੈੱਬ ਤੋਂ ਇਸ ਮੁਲਾਜਮ ਦੀ ਰਿਪੋਰਟ ਪਾਜ਼ੇਟਿਵ ਮਿਲਣ ਉੱਤੇ ਅਫ਼ਸਰਾਂ ਨੂੰ ਭਾਜੜਾਂ ਪੈ ਗਈਆਂ। ਪੁਲੀਸ ਸੂਤਰਾਂ ਅਨੁਸਾਰ ਸਿਹਤ ਵਿਭਾਗ ਅਧਿਕਾਰੀ ਜਲਦੀ ਇਸ ਮੁਲਾਜ਼ਮ ਨੂੰ ਵਿਧਾਨ ਸਭਾ ’ਚੋਂ ਡਿਉਟੀ ਤੋਂ ਵਾਪਸ ਲਿਆਉਣ ਲਈ ਜ਼ੋਰ ਪਾ ਰਹੇ ਹਨ। ਸਿਹਤ ਵਿਭਾਗ ਦੀ ਇੱਕ ਹੋਰ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਹੈ ਕਿ ਪੁਲੀਸ ਵਿਭਾਗ ਦੇ ਇੱਕ ਹੋਰ ਮੁਲਾਜ਼ਮ ਨੇ ਵਿਧਾਨ ਸਭਾ ’ਚ ਡਿਊਟੀ ਉੱਤੇ ਜਾਣਾ ਸੀ, ਉਸ ਦਾ 24 ਅਗਸਤ ਨੂੰ ਤਕਰੀਬਨ 12 ਵਜੇ ਨਮੂਨਾ ਲੈ ਕੇ ਫ਼ਰੀਦਕੋਟ ਭੇਜਿਆ ਸੀ, ਜਿਸ ਦੀ ਅੱਜ ਰਿਪੋਰਟ ਨੈਗੇਟਿਵ ਆਈ ਹੈ। ਸਰਕਾਰੀ ਮੁਲਾਜ਼ਮ ਦੀ ਵਿਧਾਨ ਸਭਾ ’ਚ ਮਾਰਸ਼ਲ ਐਮਰਜੈਂਸੀ ਡਿਉਟੀ ਹੋਣ ਕਾਰਨ ਉਸ ਦਾ 24 ਅਗਸਤ ਨੂੰ ਹੀ ਹੋਰ ਨਮੂਨਾ ਲੈ ਕੇ ਟਰੂਨਾਟ ਮਸ਼ੀਨ ਨਾਲ ਦੁਪਹਿਰ 1 ਵਜੇ ਜਾਂਚਿਆ ਗਿਆ ਅਤੇ ਉਸ ਦੀ ਰਿਪੋਰਟ ਪਾਜ਼ੇਟਿਵ ਆਉਣ ਕਾਰਨ ਪੁਲੀਸ ਵਿਭਾਗ ਨੇ ਉਸ ਨੂੰ ਵਿਧਾਨ ਸਭਾ ਡਿਉਟੀ ਨਹੀਂ ਭੇਜਿਆ ਗਿਆ।

ਸਿਹਤ ਵਿਭਾਗ ਅਧਿਕਾਰੀ ਜਿਲ੍ਹਾ ਅਪਲੋਜਿਸਟ ਡਾ.ਮਨੀਸ਼ ਅਰੋੜਾ ਨੇ ਕਿਹਾ ਕਿ ਇਸ ਤਰ੍ਹਾਂ ਰਿਪੋਰਟਾਂ ਦਾ ਆਉਣਾ ਸੰਭਵ ਹੈ ਕਿਉਂਕਿ ਨਮੂਨਾਂ ਲੈਣ ਦੀ ਤਕਨੀਕ ਆਦਿ ਕਾਰਨ ਅਜਿਹਾ ਅਕਸਰ ਹੋ ਜਾਦਾਂ ਹੈ।