ਬਠਿੰਡਾ, 3 ਸਤੰਬਰ

ਪੋਸਟ ਮੈਟ੍ਰਿਕ ਸਕੀਮ ’ਚ ਹੋਏ ਕਥਿਤ ਘੁਟਾਲੇ ਦੇ ਸਬੰਧ ’ਚ ਆਮ ਆਦਮੀ ਪਾਰਟੀ (ਆਪ) ਨੇ ਅੱਜ ਇਥੇ ਮਿੰਨੀ ਸਕੱਤਰੇਤ ਨੇੜੇ ਪੁਤਲਾ ਫੂਕ ਪ੍ਰਦਰਸ਼ਨ ਕੀਤਾ। ਵਿਧਾਇਕਾ ਬਲਜਿੰਦਰ ਕੌਰ ਦੀ ਅਗਵਾਈ ’ਚ ਹੋਏ ਇਸ ਵਿਖਾਵੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਅਤੇ ਸਾਧੂ ਸਿੰਘ ਧਰਮਸੋਤ ਦੇ ਪੁਤਲਿਆਂ ਨੂੰ ਅਗਨ ਭੇਟ ਕੀਤਾ। ਪਾਰਟੀ ਵਫ਼ਦ ਨੇ ਇਸ ਮੌਕੇ ਪੰਜਾਬ ਸਰਕਾਰ ਦੇ ਨਾਂ ਪੱਤਰ ਵੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤਾ। ਬਲਜਿੰਦਰ ਕੌਰ ਨੇ ਹਾਕਮ ਧਿਰ ’ਤੇ ਹਮਲਾਵਰ ਲਹਿਜ਼ੇ ’ਚ ਸਵਾਲ ਦਾਗਦਿਆਂ ਕਿਹਾ ਕਿ ਸੱਤਾ-ਨਸ਼ੀਨੀ ਤੋਂ ਪਹਿਲਾਂ ਜਿਹੜੇ ਸ਼ਖ਼ਸ ਬਾਦਲ ਸਰਕਾਰ ਵੇਲੇ ਹੋਏ 1250 ਕਰੋੜ ਰੁਪਏ ਦੀ ਵਜ਼ੀਫ਼ਾ ਘੁਟਾਲੇ ਨੂੰ ਸੱਤਾ ’ਚ ਆਉਣ ’ਤੇ ਬੇਪਰਦ ਕਰਕੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀਆਂ ਗੱਲਾਂ ਕਰਦੇ ਸਨ, ਉਹੀ ਲੋਕ 64 ਕਰੋੜ ਦਾ ‘ਮਾਲ’ ਛੱਕ ਕੇ ਹੁਣ ਖੁਦ ਉਸੇ ਜਾਲ ’ਚ ਫਸ ਗਏ ਹਨ। ਉਨ੍ਹਾਂ ਕਿਹਾ ਕਿ ਹੋਰ ਤਾਂ ਹੋਰ ਸਾਢੇ ਤਿੰਨ ਸਾਲ ਬੀਤ ਗਏ ਹਨ ਪਰ ਵਜ਼ੀਫ਼ਿਆਂ ਦੀ ਰਾਸ਼ੀ ਦਾ 1850 ਕਰੋੜ ਰੁਪਏ ਦਾ ਬਕਾਇਆ ਕੈਪਟਨ ਸਰਕਾਰ ਅਜੇ ਤੱਕ ਲਾਭਪਾਤਰ ਵਿਦਿਆਰਥੀਆਂ ਨੂੰ ਜਾਰੀ ਨਹੀਂ ਕਰ ਸਕੀ। ਵਿਧਾਇਕਾ ਨੇ ਪੁਰਜ਼ੋਰ ਮੰਗ ਕੀਤੀ ਕਿ ਸਰਕਾਰ ਇਖ਼ਲਾਕੀ ਆਧਾਰ ’ਤੇ ਸਾਧੂ ਸਿੰਘ ਧਰਮਸੋਤ ਨੂੰ ਵਜ਼ਾਰਤ ’ਚੋਂ ਬਾਹਰ ਕੱਢੇ ਅਤੇ ਘੁਟਾਲੇ ਦੀ ਰਾਸ਼ੀ ਹੱਕਦਾਰ ਵਿਦਿਆਰਥੀਆਂ ਲਈ ਜਾਰੀ ਕਰੇ। ਪ੍ਰਦਰਸ਼ਨ ਵਿਚ ਪਾਰਟੀ ਦੇ ਐਡਵੋਕੇਟ ਨਵਦੀਪ ਜੀਦਾ, ਨੀਲ ਗਰਗ ਹਾਜ਼ਰ ਸਨ।