ਰੀਵਾ (ਮੱਧ ਪ੍ਰਦੇਸ਼), 24 ਅਪਰੈਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪਿੰਡਾਂ ਨੂੰ ਅਣਗੌਲਿਆ ਕੀਤਾ ਕਿਉਂਕਿ ਉਹ ਵੋਟ ਬੈਂਕ ਨਹੀਂ ਸਨ। ਕੌਮੀ ਪੰਚਾਇਤੀ ਰਾਜ ਦਿਵਸ ਮੌਕੇ ਰੀਵਾ ਵਿੱਚ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੇ ਸਥਿਤੀ ਨੂੰ ਬਦਲ ਦਿੱਤਾ ਹੈ ਅਤੇ ਪੰਚਾਇਤਾਂ ਨੂੰ ਬਹੁਤ ਸਾਰੀਆਂ ਗਰਾਂਟਾਂ ਦਿੱਤੀਆਂ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘‘ਪਹਿਲਾਂ ਹੀ ਸਰਕਾਰਾਂ ਪਿੰਡਾਂ ਲਈ ਪੈਸਾ ਖਰਚ ਕਰਨ ਤੋਂ ਕਤਰਾਉਂਦੀਆਂ ਸਨ ਕਿਉਂਕਿ ਉਹ ਵੋਟ ਬੈਂਕ ਨਹੀਂ ਸਨ। ਇਸ ਲਈ ਉਨ੍ਹਾਂ ਨੂੰ ਅਣਗੌਲਿਆ ਕੀਤਾ ਗਿਆ। ਕਈ ਸਿਆਸੀ ਪਾਰਟੀਆਂ ਪਿੰਡ ਦੇ ਲੋਕਾਂ ਨੂੰ ਵੰਡ ਕੇ ਆਪਣੀ ਦੁਕਾਨ ਚਲਾ ਰਹੀਆਂ ਸਨ।’’ ਉਨ੍ਹਾਂ ਕਿਹਾ ਕਿ ਭਾਜਪਾ ਨੇ ਪਿੰਡਾਂ ਨਾਲ ਹੋਈ ਬੇਇਨਸਾਫ਼ੀ ਨੂੰ ਖ਼ਤਮ ਕੀਤਾ ਹੈ ਅਤੇ ਉਨ੍ਹਾਂ ਦੇ ਵਿਕਾਸ ਲਈ ਖਜ਼ਾਨਾ ਖੋਲ੍ਹਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਜਨ ਧਨ ਯੋਜਨਾ ਤਹਿਤ ਪਿੰਡਾਂ ਵਿੱਚ 40 ਕਰੋੜ ਤੋਂ ਵੱਧ ਲੋਕਾਂ ਦੇ ਬੈਂਕ ਖਾਤੇ ਖੋਲ੍ਹੇ ਹਨ।