ਨਵੀਂ ਦਿੱਲੀ, 23 ਜੂਨ
ਕੌਮੀ ਚੋਣ ਕਮੇਟੀ ਨੇ ਵੈਸਟ ਇੰਡੀਜ਼ ਖ਼ਿਲਾਫ਼ 12 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਦੋ ਟੈਸਟ ਮੈਚਾਂ ਦੀ ਲੜੀ ਲਈ ਚੁਣੀ ਟੀਮ ਵਿਚੋਂ ਤਜਰਬੇਕਾਰ ਖਿਡਾਰੀ ਚੇਤੇਸ਼ਵਰ ਪੁਜਾਰਾ ਨੂੰ ਬਾਹਰ ਰੱਖਿਆ ਹੈ। ਕਮੇਟੀ ਨੇ ਇਹ ਫ਼ੈਸਲਾ ਲੈ ਕੇ ਇਕ ਤਰ੍ਹਾਂ ਨਾਲ ਪੁਜਾਰਾ ਦਾ ਕੌਮਾਂਤਰੀ ਕਰੀਅਰ ਖ਼ਤਮ ਹੋਣ ਦੇ ਸੰਕੇਤ ਦਿੱਤੇ ਹਨ। ਘਰੇਲੂ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਯਸ਼ਸਵੀ ਜੈਸਵਾਲ ਤੇ ਰਿਤੂਰਾਜ ਗਾਇਕਵਾੜ ਨੂੰ 16 ਮੈਂਬਰੀ ਟੀਮ ਵਿਚ ਸ਼ਾਮਲ ਕਰ ਕੇ ਸ਼ਿਵ ਸੁੰਦਰ ਦਾਸ ਦੀ ਅਗਵਾਈ ਵਾਲੀ ਕਮੇਟੀ ਨੇ ਸਪੱਸ਼ਟ ਸੰਕੇਤ ਦਿੱਤਾ ਹੈ ਕਿ ਉਹ ਹੁਣ ਅਗਲੇ ਦੋ ਸਾਲ ਲਈ ਵਿਸ਼ਵ ਟੈਸਟ ਚੈਂਪੀਅਨਸ਼ਿਪ (2023-2025) ਉਤੇ ਧਿਆਨ ਕੇਂਦਰਿਤ ਕਰ ਰਹੇ ਹਨ। ਵੈਸਟ ਇੰਡੀਜ਼ ਵਿਚ ਭਾਰਤੀ ਟੀਮ ਦੀ ਅਗਵਾਈ ਰੋਹਿਤ ਸ਼ਰਮਾ ਕਰਨਗੇ। ਇਕ ਹੋਰ ਅਹਿਮ ਫ਼ੈਸਲਾ ਲੈਂਦਿਆਂ ਅਜਿੰਕਿਆ ਰਹਾਣੇ ਨੂੰ ਮੁੜ ਟੈਸਟ ਟੀਮ ਦਾ ਉਪ ਕਪਤਾਨ ਨਿਯੁਕਤ ਕੀਤਾ ਗਿਆ ਹੈ। ਮੁਹੰਮਦ ਸ਼ਮੀ ਨੂੰ ਹਾਲਾਂਕਿ ਦੋਵਾਂ ਟੈਸਟ ਮੈਚਾਂ ਤੇ ਮਗਰੋਂ ਹੋਣ ਵਾਲੇ ਇਕ ਰੋਜ਼ਾ ਮੈਚਾਂ ਲਈ ਅਰਾਮ ਦਿੱਤਾ ਗਿਆ ਹੈ। ਉਹ ਪਿਛਲੇ ਤਿੰਨ ਮਹੀਨਿਆਂ ਤੋਂ ਕਾਫ਼ੀ ਰੁੱਝੇ ਹੋਏ ਸਨ। ਚੋਣਕਾਰਾਂ ਨੇ ਉਮੇਸ਼ ਯਾਦਵ ਨੂੰ ਵੀ ਬਾਹਰ ਰੱਖਿਆ ਹੈ ਤੇ ਕੋਲਕਾਤਾ ਦੇ ਗੇਂਦਬਾਜ਼ ਮੁਕੇਸ਼ ਕੁਮਾਰ ਨੂੰ ਮੁੱਖ ਟੀਮ ਵਿਚ ਜਗ੍ਹਾ ਦਿੱਤੀ ਹੈ। ਨਵਦੀਪ ਸੈਣੀ ਨੂੰ ਵੀ ਟੀਮ ਵਿਚ ਥਾਂ ਮਿਲੀ ਹੈ ਕਿਉਂਕਿ ਚੋਣਕਾਰਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਗੇਂਦਬਾਜ਼ੀ ਦਾ ਤਰੀਕਾ ਕੈਰੇਬਿਆਈ ਪਿੱਚ ਉਤੇ ਕੰਮ ਆ ਸਕਦਾ ਹੈ। ਇਕ ਰੋਜ਼ਾ ਟੀਮ ਵਿਚ ਕੋਈ ਵੱਡਾ ਬਦਲਾਅ ਨਹੀਂ ਕੀਤਾ ਗਿਆ ਹੈ।