ਕਾਰਾਕਾਸ : ਵੈਨੇਜ਼ੁਏਲਾ ਦੀ ਸਾਬਕਾ ਉਪ ਰਾਸ਼ਟਰਪਤੀ ਡੈਲਸੀ ਰੋਡਰਿਗਜ਼ ਨੇ ਦੇਸ਼ ਦੇ ਅੰਤਰਿਮ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਹੈ। ਡੈਲਸੀ ਰੋਡਰਿਗਜ਼ ਨੂੰ ਵੈਨੇਜ਼ੁਏਲਾ ਦੀ ਸੰਸਦ ਵਿੱਚ ਅੰਤਰਿਮ ਰਾਸ਼ਟਰਪਤੀ ਵਜੋਂ ਸਹੁੰ ਚੁਕਾਈ ਗਈ। ਡੈਲਸੀ ਰੋਡਰਿਗਜ਼ ਨੂੰ ਉਨ੍ਹਾਂ ਦੇ ਭਰਾ, ਨੈਸ਼ਨਲ ਅਸੈਂਬਲੀ ਦੇ ਨੇਤਾ ਜੋਰਜ ਰੋਡਰਿਗਜ਼ ਨੇ ਸਹੁੰ ਚੁਕਾਈ। ਜਾਣਕਾਰੀ ਅਨੁਸਾਰ, ਉਨ੍ਹਾਂ ਨੂੰ ਸੋਮਵਾਰ (ਸਥਾਨਕ ਸਮੇਂ) ਦੁਪਹਿਰ ਨੂੰ ਸਹੁੰ ਚੁਕਾਈ ਗਈ।

ਨੈਸ਼ਨਲ ਅਸੈਂਬਲੀ ਦੇ ਸਾਹਮਣੇ ਬੋਲਦਿਆਂ, ਉਸਨੇ ਅਮਰੀਕੀ ਫੌਜੀ ਕਾਰਵਾਈ ਨੂੰ ਵੈਨੇਜ਼ੁਏਲਾ ਦੇ ਲੋਕਾਂ ਵਿਰੁੱਧ ਅੱਤਿਆਚਾਰ ਦੱਸਿਆ ਅਤੇ ਉਸਨੇ ਆਪਣੀ ਸੰਵੇਦਨਾ ਪ੍ਰਗਟ ਕੀਤੀ ਅਤੇ ਮਾਦੁਰੋ-ਫਲੋਰੇਸ ਨੂੰ ਇੱਕ ਹੀਰੋ ਕਿਹਾ। ਉਨ੍ਹਾਂ ਕਿਹਾ ਕਿ “ਮੈਂ ਸਾਡੇ ਦੇਸ਼ ‘ਤੇ ਗੈਰ-ਕਾਨੂੰਨੀ ਫੌਜੀ ਹਮਲੇ ਤੋਂ ਬਾਅਦ ਵੈਨੇਜ਼ੁਏਲਾ ਦੇ ਲੋਕਾਂ ‘ਤੇ ਹੋਏ ਅੱਤਿਆਚਾਰਾਂ ‘ਤੇ ਸੋਗ ਪ੍ਰਗਟ ਕਰਦੀ ਹਾਂ। ਮੈਂ ਦੋ ਨਾਇਕਾਂ ਦੇ ਅਗਵਾ ਹੋਣ ‘ਤੇ ਵੀ ਸੋਗ ਪ੍ਰਗਟ ਕਰਦੀ ਹਾਂ।” ਡੈਲਸੀ ਰੋਡਰਿਗਜ਼ ਨੇ ਕਿਹਾ ਕਿ ਉਸਨੇ ਭਾਰੀ ਮਨ ਨਾਲ ਇਹ ਜ਼ਿੰਮੇਵਾਰੀ ਸਵੀਕਾਰ ਕੀਤੀ।

ਆਪਣੇ ਸਹੁੰ ਚੁੱਕ ਸਮਾਗਮ ਦੌਰਾਨ ਉਨ੍ਹਾਂ ਨੇ ਸੰਯੁਕਤ ਰਾਜ ਅਮਰੀਕਾ ‘ਤੇ ਨਿਸ਼ਾਨਾ ਸਾਧਿਆ ਅਤੇ ਦੇਸ਼ ਦੀ ਸਥਿਤੀ ‘ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਨੇ ਕਿਹਾ, “ਮੈਂ ਹੁਣ ਰਾਸ਼ਟਰਪਤੀ ਨਿਕੋਲਸ ਮਾਦੁਰੋ ਮੋਰੋਸ ਦੀ ਪ੍ਰਤੀਨਿਧੀ ਵਜੋਂ ਸੇਵਾ ਕਰਾਂਗੀ।”ਉਨ੍ਹਾਂ ਦੇ ਸਹੁੰ ਚੁੱਕਣ ਤੋਂ ਤੁਰੰਤ ਬਾਅਦ ਵੈਨੇਜ਼ੁਏਲਾ ਦੇ ਸਭ ਤੋਂ ਨੇੜਲੇ ਸਹਿਯੋਗੀ ਦੇਸ਼ਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਚੀਨੀ ਰਾਜਦੂਤ ਲਾਨ ਹੂ, ਰੂਸੀ ਰਾਜਦੂਤ ਸਰਗੇਈ ਮੇਲਿਕ-ਬਗਦਾਸਾਰੋਵ ਅਤੇ ਈਰਾਨੀ ਰਾਜਦੂਤ ਅਲੀ ਚੇਗਿਨੀ ਨੇ ਆਪਣਾ ਸਮਰਥਨ ਪ੍ਰਗਟ ਕਰਨ ਲਈ ਸਮਾਰੋਹ ਵਿੱਚ ਸ਼ਿਰਕਤ ਕੀਤੀ। ਇਨ੍ਹਾਂ ਤਿੰਨਾਂ ਦੇਸ਼ਾਂ ਨੇ ਮਾਦੁਰੋ ਦੀ ਗ੍ਰਿਫ਼ਤਾਰੀ ਲਈ ਅਮਰੀਕੀ ਫੌਜੀ ਕਾਰਵਾਈ ਦੀ ਸਖ਼ਤ ਆਲੋਚਨਾ ਵੀ ਕੀਤੀ ਹੈ।

56 ਸਾਲਾ ਡੈਲਸੀ ਰੌਡਰਿਗਜ਼ ਪੇਸ਼ੇ ਤੋਂ ਕਿਰਤ ਕਾਨੂੰਨ ਦੀ ਵਕੀਲ ਹੈ ਅਤੇ ਸੱਤਾਧਾਰੀ ਪਾਰਟੀ ਪ੍ਰਤੀ ਬਹੁਤ ਵਫ਼ਾਦਾਰ ਮੰਨੀ ਜਾਂਦੀ ਹੈ। ਡੈਲਸੀ ਤੋਂ ਇਲਾਵਾ 283 ਸੰਸਦ ਮੈਂਬਰਾਂ ਨੇ ਵੀ ਸਹੁੰ ਚੁੱਕੀ। ਇਨ੍ਹਾਂ ਵਿੱਚੋਂ ਬਹੁਤ ਘੱਟ ਮੈਂਬਰ ਵਿਰੋਧੀ ਧਿਰ ਦੇ ਹਨ। ਵਿਰੋਧੀ ਧਿਰ ਦੇ ਇੱਕ ਵੱਡੇ ਹਿੱਸੇ, ਖਾਸ ਕਰਕੇ ਨੋਬਲ ਪੁਰਸਕਾਰ ਜੇਤੂ ਮਚਾਡੋ ਦੀ ਅਗਵਾਈ ਵਾਲੇ ਧੜੇ ਨੇ ਚੋਣਾਂ ਦਾ ਬਾਈਕਾਟ ਕੀਤਾ ਸੀ।