ਬਠਿੰਡਾ, 17 ਅਗਸਤ

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ ’ਚ ਜਲਦੀ ਹੀ 1320 ਏਕੜ ਰਕਬੇ ’ਚ ਉਦਯੋਗਿਕ ਪਾਰਕ ਬਣਾਏ ਜਾਣ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਨਾਲ ਉਦਯੋਗਿਕ ਕ੍ਰਾਂਤੀ ਦੇ ਖੇਤਰ ਵਿੱਚ ਬਠਿੰਡਾ ਲੰਮੀਆਂ ਪੁਲਾਂਘਾਂ ਪੁੱਟੇਗਾ। ਇਥੇ ਆਜ਼ਾਦੀ ਸਮਾਗਮ ’ਚ ਸ਼ਰੀਕ ਹੋਣ ਪਿੱਛੋਂ ਸ੍ਰੀ ਬਾਦਲ ਨੇ ਸ਼ਹਿਰ ਵਿੱਚ ਮੁਕੰਮਲ ਹੋਏ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਸ਼ਹਿਰ ਅੰਦਰ ਐਲਈਡੀ ਲਾਈਟਾਂ ਲਾਉਣ ਦੇ ਪ੍ਰਾਜੈਕਟ ਨੂੰ ਰਸਮੀ ਤੌਰ ’ਤੇ ਆਰੰਭ ਕਰਨ ਸਮੇਂ ਸ੍ਰੀ ਬਾਦਲ ਨੇ ਕਿਹਾ ਕਿ ਨਗਰ ਨਿਗਮ ਬਠਿੰਡਾ ਦੇ ਸਹਿਯੋਗ ਨਾਲ 16.6 ਕਰੋੜ ਰੁਪਏ ਦੀ ਲਾਗਤ ਨਾਲ ਪੂਰੇ ਸ਼ਹਿਰ ਦੀ ਗਲੀਆਂ ਅਤੇ ਮੋੜਾਂ ’ਤੇ ਲਗਪੱਗ 24 ਹਜ਼ਾਰ ਐੱਲਈਡੀ ਲਾਈਟਾਂ ਲਾਈਆਂ ਜਾ ਰਹੀਆਂ ਹਨ। ਵਿੱਤ ਮੰਤਰੀ ਨੇ ਇਥੋਂ ਦੇ ਉਦਯੋਗਿਕ ਗਰੋਥ ਸੈਂਟਰ ਵਿੱਚ 1.91 ਕਰੋੜ ਦੀ ਲਾਗਤ ਨਾਲ ਨਵੇਂ ਬਣੇ ਵਾਟਰ ਟਰੀਟਮੈਂਟ ਪਲਾਂਟ ਦਾ ਉਦਘਾਟਨ ਵੀ ਕੀਤਾ। ਵਿੱਤ ਮੰਤਰੀ ਨੇ ਗੁਰੂ ਕੀ ਨਗਰੀ ਵਿੱਚ ਨਵੇਂ ਬਣੇ ਪੌਪ ਅੱਪ ਸਪਰਿੰਕਲਰ ਸਿਸਟਮ ਅਤੇ ਸੀਸੀਟੀਵੀ ਕੈਮਰਿਆਂ ਵਾਲੇ ਪਾਰਕ ਦਾ ਉਦਘਾਟਨ ਵੀ ਕੀਤਾ। ਉਨ੍ਹਾਂ ਦੱਸਿਆ ਕਿ 1.25  ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰ ਅੰਦਰ ਅਜਿਹੇ ਹੋਰ ਵੀ ਕਈ ਪਾਰਕ ਤਿਆਰ ਕੀਤੇ ਜਾ ਰਹੇ ਹਨ। ਸ੍ਰੀ ਬਾਦਲ ਨੇ ਇੱਥੋਂ ਦੀ ਅਨਾਜ ਮੰਡੀ ਵਿੱਚ 155 ਲੱਖ ਰੁਪਏ ਦੀ ਲਾਗਤ ਨਵੀਂ ਬਣੀ ਫੜ੍ਹੀ ਮਾਰਕੀਟ ਦਾ ਉਦਘਾਟਨ ਕੀਤਾ।

ਜਾਗਰੂਕ ਸ਼੍ਰੇਣੀ ਵਿੱਚ ਮਨਪ੍ਰੀਤ ਬਾਦਲ ਸਰਵੋਤਮ ਖ਼ਜ਼ਾਨਾ ਮੰਤਰੀ

ਗਿੱਦੜਬਾਹਾ(ਪੱਤਰ ਪ੍ਰੇਰਕ): ਫੇਮ ਇੰਡੀਆ-ਏਸ਼ੀਆ ਪੋਸਟ ਸਰਵੇਖਣ ਵਿੱਚ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਜਾਗਰੂਕ ਸ਼੍ਰੇਣੀ ਵਿੱਚ ਭਾਰਤ ਦੇਸ਼ ਦੇ ਸਾਰੇ ਰਾਜਾਂ ਦੇ ਮੰਤਰੀਆਂ ਵਿੱਚੋਂ ਸਰਵੋਤਮ ਮੰਤਰੀ ਚੁਣਿਆ ਗਿਆ ਹੈ। ਸਰਵੋਤਮ ਮੰਤਰੀ ਚੁਣੇ ਜਾਣ ’ਤੇ ਪਿੰਡ ਫ਼ਕਰਸਰ ਦੇ ਸਮੂਹ ਕਾਂਗਰਸੀ ਵਰਕਰਾਂ ਜਿਨ੍ਹਾਂ ਵਿੱਚ ਸਰਪੰਚ ਕੌਰ ਸਿੰਘ ਭੁੱਲਰ, ਅਵਤਾਰ ਸਿੰਘ ਫ਼ਕਰਸਰ, ਦਵਿੰਦਰ ਸਿੰਘ ਹੰਟੀ, ਰਾਜ ਸਿੰਘ ਸਿੱਧੂ, ਕਾਕਾ ਸਿੰਘ ਮੈਂਬਰ, ਬਲਰਾਜ ਸਿੰਘ ਪ੍ਰਧਾਨ ਅਤੇ ਮਲਕੀਤ ਸਿੰਘ ਖਾਲਸਾ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਮਨਪ੍ਰੀਤ ਸਿੰਘ ਬਾਦਲ ਖ਼ਜ਼ਾਨਾ ਮੰਤਰੀ ਨੂੰ ਵਧਾਈ ਦਿੱਤੀ।