ਚੰਡੀਗੜ੍ਹ : ਅੱਜ ਭਾਵ ਬੁੱਧਵਾਰ ਦਾ ਦਿਨ ਪੰਜਾਬ ਲਈ ਇਤਿਹਾਸਕ ਦਿਨ ਰਿਹਾ। ਆਮ ਆਦਮੀ ਪਾਰਟੀ (ਆਪ) ਦੀ ਭਗਵੰਤ ਮਾਨ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ 2025-26 ਦਾ ਬਜਟ ਪੇਸ਼ ਕੀਤਾ ਗਿਆ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ 2.36 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ, ਜੋ ਪਿਛਲੇ ਸਾਲ ਦੇ ਬਜਟ ਨਾਲੋਂ 15 ਫੀਸਦੀ ਵੱਧ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਜਟ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ ਹੈ ਉਨ੍ਹਾਂ ਨੇ ਇਸ ਵਾਰ ਦੇ ਬਜਟ ਨੂੰ ਪੰਜਾਬ ਦਾ ਸਭ ਤੋਂ ਵੱਡਾ ਬਜਟ ਦੱਸਿਆ ਹੈ।

ਸੀਐਮ ਮਾਨ ਨੇ ਟਵੀਟ ਕੀਤਾ ਕਿ “ਪੰਜਾਬ ਵਿਧਾਨ ਸਭਾ ‘ਚ ਪੇਸ਼ ਕੀਤਾ ਗਿਆ ਵਿੱਤੀ ਵਰ੍ਹੇ 2025-26 ਦਾ ₹2,36,080 ਕਰੋੜ ਦਾ ਬਜਟ ਹੁਣ ਤੱਕ ਪੰਜਾਬ ਦਾ ਸਭ ਤੋਂ ਵੱਡਾ ਬਜਟ ਹੈ। ਪਿਛਲੀਆਂ ਸਰਕਾਰਾਂ ਦੀਆਂ ਨਾਕਾਮੀਆਂ ਕਾਰਨ ਪੰਜਾਬ ‘ਤੇ ਕਦੇ ‘ਉੱਡਦਾ ਪੰਜਾਬ’ ..‘ਪਰਿਵਾਰਵਾਦ ਵਾਲਾ ਪੰਜਾਬ’..‘ਕੰਗਾਲ ਪੰਜਾਬ’ ਦਾ ਟੈਗ ਲੱਗਿਆ। ਸਾਡੀ ਸਰਕਾਰ ਦੀ ਲਗਾਤਾਰ ਇਹੀ ਕੋਸ਼ਿਸ਼ ਹੈ ਪੰਜਾਬ ਨੂੰ ਦੁਨੀਆ ‘ਰੰਗਲਾ ਪੰਜਾਬ’..’ਤੰਦਰੁਸਤ ਪੰਜਾਬ’.. ‘ਹੱਸਦਾ-ਵੱਸਦਾ ਪੰਜਾਬ’ ਦੇ ਨਾਮ ਨਾਲ ਜਾਣੇ। ਆਮ ਲੋਕਾਂ ਦੀ ਸਰਕਾਰ ਵੱਲੋਂ ਲਗਾਤਾਰ ਚੌਥੇ ਸਾਲ ਲਈ ਲੋਕਾਂ ‘ਤੇ ਕੋਈ ਵੀ ਨਵਾਂ ਟੈਕਸ ਨਹੀਂ ਲਗਾਇਆ ਗਿਆ। ਸਿਹਤ, ਸਿੱਖਿਆ, ਰੁਜ਼ਗਾਰ, ਕਿਸਾਨ, ਉਦਯੋਗ ਦੇ ਨਾਲ-ਨਾਲ ਪੇਂਡੂ ਤੇ ਸ਼ਹਿਰੀ ਖੇਤਰ ਦੇ ਵਿਕਾਸ ਲਈ ਰੱਖੇ ਫੰਡਾਂ ਨਾਲ ਸਹੀ ਮਾਅਨੇ ‘ਚ ਪੰਜਾਬੀਆਂ ਨੂੰ ਬਦਲਦੇ ਪੰਜਾਬ ਦੀ ਤਸਵੀਰ ਦਿਖੇਗੀ। ਵਿੱਤ ਮੰਤਰੀ ਸਮੇਤ ਵਿੱਤ ਮੰਤਰਾਲੇ ਦੇ ਸਾਰੇ ਅਫ਼ਸਰ-ਅਧਿਕਾਰੀ ਇੱਕ ਹੋਰ ਲੋਕ ਪੱਖੀ ਬਜਟ ਬਣਾਉਣ ਲਈ ਵਧਾਈ ਦੇ ਪਾਤਰ ਨੇ।”

ਦੱਸ ਦਈਏ ਕਿ ਵਿੱਤ ਮੰਤਰੀ ਹਰਪਾਲ ਚੀਮਾ ਨੇ ਨਸ਼ਿਆਂ ਵਿਰੁੱਧ ਲੜਾਈ ਲਈ ਬਜਟ ਵਿੱਚ ਕਈ ਵੱਡੇ ਐਲਾਨ ਕੀਤੇ। ਉਨ੍ਹਾਂ ਦੱਸਿਆ ਕਿ ਸਰਕਾਰ 150 ਕਰੋੜ ਰੁਪਏ ਨਾਲ ਡਰੱਗ ਜਨਗਣਨਾ ਕਰਵਾਏਗੀ, ਜਿਸਦਾ ਮਤਲਬ ਹੈ ਕਿ ਪੰਜਾਬ ਵਿੱਚ ਨਸ਼ੇ ਲੈਣ ਵਾਲੇ ਲੋਕਾਂ ਦੀ ਗਿਣਤੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸਿਹਤ ਬੀਮਾ ਯੋਜਨਾ ਤਹਿਤ 65 ਹਜ਼ਾਰ ਪਰਿਵਾਰਾਂ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮਿਲੇਗਾ।

ਬਜਟ ਵਿੱਚ ਕਿਸਾਨਾਂ ਲਈ ਬਿਜਲੀ ਸਬਸਿਡੀ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਲਈ 9992 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਪਸ਼ੂਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ 704 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਦੁੱਧ ਉਤਪਾਦਕਾਂ ਲਈ 100 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਵਿੱਤ ਮੰਤਰੀ ਨੇ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ 250 ਕਰੋੜ ਰੁਪਏ ਦਾ ਬਜਟ ਰੱਖਿਆ ਹੈ। ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਵਿੱਚ ਵਿਦੇਸ਼ਾਂ ਵਾਂਗ ਸੜਕਾਂ ਬਣਾਉਣ ਦਾ ਐਲਾਨ ਵੀ ਕੀਤਾ ਗਿਆ ।