ਮੁੰਬਈ: ਫ਼ਿਲਮ ਨਿਰਮਾਣ ਕੰਪਨੀ ਧਰਮਾ ਪ੍ਰੋਡਕਸ਼ਨਜ਼ ਵੱਲੋਂ ਵਿੱਕੀ ਕੌਸ਼ਲ ਤੇ ਤ੍ਰਿਪਤੀ ਡਿਮਰੀ ਦੀ ਨਵੀਂ ਫ਼ਿਲਮ 23 ਫਰਵਰੀ 2024 ਨੂੰ ਰਿਲੀਜ਼ ਹੋਵੇਗੀ। ਇਹ ਫ਼ਿਲਮ ਆਨੰਦ ਤਿਵਾੜੀ ਵੱਲੋਂ ਨਿਰਦੇਸ਼ਿਤ ਹੈ। ਜਾਣਕਾਰੀ ਮੁਤਾਬਕ ਇਸ ਫ਼ਿਲਮ ਦਾ ਨਾਂ ਅਜੇ ਫਾਈਨਲ ਨਹੀਂ ਕੀਤਾ ਗਿਆ। ਇਸ ਵਿੱਚ ਐਮੀ ਵਿਰਕ ਵੀ ਨਜ਼ਰ ਆਵੇਗਾ। ਇਸ ਫ਼ਿਲਮ ਦੇ ਪਹਿਲਾਂ 25 ਅਗਸਤ 2023 ਨੂੰ ਰਿਲੀਜ਼ ਕਰਨ ਦੀ ਤਿਆਰੀ ਸੀ ਪਰ ਹੁਣ ਧਰਮਾ ਪ੍ਰੋਡਕਸ਼ਨਜ਼ ਨੇ ਫ਼ਿਲਮ ਦੀ ਰਿਲੀਜ਼ ਹੋਣ ਦੀ ਤਰੀਕ ਆਪਣੇ ਅਧਿਕਾਰਤ ਟਵਿੱਟਰ ਪੇਜ ’ਤੇ ਐਲਾਨੀ ਹੈ। ਉਨ੍ਹਾਂ ਟਵੀਟ ਕੀਤਾ, ‘‘ਬਿਹਤਰ ਤੇ ਸ਼ਾਨਦਾਰ ਹੋਣ ਵਾਲਾ ਹੈ, ਊਰਜਾ ਨਾਲ ਭਰੇ ਵਿੱਕੀ ਕੌਸ਼ਲ, ਐਮੀ ਵਿਰਕ ਤੇ ਤ੍ਰਿਪਤੀ ਡਿਮਰੀ ਨਾਲ ਆਨੰਦ ਤਿਵਾੜੀ ਦਾ ਨਿਰਦੇਸ਼ਨ ਹੈ, ਜੋ ਕਿ ਮਨੋਰੰਜਨ ਨਾਲ ਭਰਪੂਰ ਹੈ।’’ ਇਸ ਫਿਲਮ ਵਿੱਚ ਨੇਹਾ ਧੂਪੀਆ ਵੀ ਹੈ। ਹਾਲਾਂਕਿ ਫ਼ਿਲਮ ਦੇ ਅਧਿਕਾਰਤ ਨਾਂ ਦਾ ਅਜੇ ਖੁਲਾਸਾ ਨਹੀਂ ਕੀਤਾ ਗਿਆ ਪਰ ਨੇਹਾ ਨੇ ‘ਮੇਰੇ ਮਹਿਬੂਬ ਮੇਰੇ ਸਨਮ’ ਲਿਖ ਕੇ ਫਿਲਮ ਦੀ ਸ਼ੂਟਿੰਗ ਪੂਰੀ ਹੋਣ ਮਗਰੋਂ ਪਿਛਲੇ ਹਫ਼ਤੇ ਕੀਤੀ ਗਈ ਪਾਰਟੀ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਫਿਲਮ ਸਬੰਧੀ ਅਜੇ ਕੋਈ ਹੋਰ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਵਿੱਕੀ ਕੌਸ਼ਲ ਤੇ ਆਨੰਦ ਤਿਵਾੜੀ ਨੇ ਇਸ ਤੋਂ ਪਹਿਲਾਂ ਸਾਲ 2018 ਵਿੱਚ ‘ਲਵ ਪਰ ਸਕੁਏਅਰ ਫੁਟ’ ’ਚ ਕੰਮ ਕੀਤਾ ਸੀ।