ਬ੍ਰਿਸਬੇਨ, 25 ਨਵੰਬਰ
ਆਸਟਰੇਲੀਆ ਨੇ ਅੱਜ ਗਾਬਾ ਵਿੱਚ ਪਹਿਲੇ ਟੈਸਟ ਵਿੱਚ ਪਾਕਿਸਤਾਨ ਨੂੰ ਪਾਰੀ ਅਤੇ ਪੰਜ ਦੌੜਾਂ ਨਾਲ ਹਰਾ ਕੇ ਦੋ ਮੈਚਾਂ ਦੀ ਲੜੀ ਵਿੱਚ 1-0 ਦੀ ਲੀਡ ਬਣਾ ਲਈ।
ਪਾਕਿਸਤਾਨ ਨੇ ਪਹਿਲੀ ਪਾਰੀ ਵਿੱਚ 240 ਦੌੜਾਂ ਬਣਾਈਆਂ ਸਨ ਅਤੇ ਆਸਟਰੇਲੀਆ ਨੇ ਇਸ ਮਗਰੋਂ ਪਹਿਲੀ ਪਾਰੀ ਵਿੱਚ 540 ਦੌੜਾਂ ਬਣਾ ਕੇ 340 ਦੌੜਾਂ ਦੀ ਲੀਡ ਹਾਸਲ ਕੀਤੀ ਸੀ। ਪਾਕਿਸਤਾਨ ਨੇ ਸ਼ਨਿੱਚਰਵਾਰ ਨੂੰ ਦੁਪਿਹਰ ਦੇ ਸੈਸ਼ਨ ਦੌਰਾਨ ਤਿੰਨ ਵਿਕਟਾਂ ਛੇਤੀ ਗੁਆ ਲਈਆਂ, ਪਰ ਅੱਜ ਉਸ ਦੇ ਬੱਲੇਬਾਜ਼ਾਂ ਨੇ ਸ਼ਾਨਦਾਰ ਜਜ਼ਬਾ ਵਿਖਾਇਆ। ਹਾਲਾਂਕਿ ਉਸ ਦੀ ਚੁਣੌਤੀ ਆਖ਼ਰੀ ਸੈਸ਼ਨ ਵਿੱਚ ਖ਼ਤਮ ਹੋ ਗਈ।
ਬਾਬਰ ਆਜ਼ਮ ਨੇ ਸ਼ਾਨਦਾਰ ਸੈਂਕੜਾ ਜੜਿਆ, ਜਦਕਿ ਮੁਹੰਮਦ ਰਿਜ਼ਵਾਨ ਆਪਣੇ ਪਹਿਲੇ ਸੈਂਕੜੇ ਤੋਂ ਸਿਰਫ਼ ਪੰਜ ਦੌੜਾਂ ਨਾਲ ਖੁੰਝ ਗਿਆ।