ਬਾਕੂ (ਅਜ਼ਰਬੈਜਾਨ), 19 ਅਗਸਤ

ਨਿਸ਼ਾਨੇਬਾਜ਼ ਈਸ਼ਾ ਸਿੰਘ ਤੇ ਸ਼ਿਵਾ ਨਰਵਾਲ ਨੇ ਅੱਜ ਇੱਥੇ ਆਈਐੱਸਐੱਸਐੱਫ ਵਿਸ਼ਵ ਚੈਂਪੀਅਨਸ਼ਿਪ ਦੇ 10 ਮੀਟਰ ਏਅਰ ਪਿਸਟਲ ਮਿਕਸਡ ਮੁਕਾਬਲੇ ਦਾ ਸੋਨ ਤਗ਼ਮਾ ਜਿੱਤ ਕੇ ਭਾਰਤੀ ਖੇਮੇ ਨੂੰ ਖੁਸ਼ ਕਰ ਦਿੱਤਾ। ਇਸ ਭਾਰਤੀ ਜੋੜੀ ਨੇ ਮੁਕਾਬਲੇ ਦੇ ਫਾਈਨਲ ਵਿੱਚ ਤੁਰਕੀ ਦੀ ਇਲਾਇਡਾ ਤਰਹਾਨ ਅਤੇ ਯੂਸਫ ਡਿਕੇਚ ਦੀ ਜੋੜੀ ਨੂੰ 16-10 ਨਾਲ ਹਰਾ ਕੇ ਦੇਸ਼ ਦੇ ਤਗ਼ਮਿਆਂ ਦੀ ਗਿਣਤੀ ਦੋ ਕਰ ਦਿੱਤੀ। ਭਾਰਤ ਇਸ ਸਮੇਂ ਇਕ ਸੋਨ ਤਗ਼ਮਾ ਤੇ ਇਕ ਕਾਂਸੀ ਤਗ਼ਮਾ ਜਿੱਤ ਕੇ ਸੂਚੀ ਵਿੱਚ ਦੂਜੇ ਸਥਾਨ ’ਤੇ ਚੱਲ ਰਿਹਾ ਹੈ ਜਦਕਿ ਚੀਨ ਪੰਜ ਸੋਨੇ ਤੇ ਦੋ ਕਾਂਸੀ ਦੇ ਤਗ਼ਮਿਆਂ ਨਾਲ ਸਿਖਰ ’ਤੇ ਕਾਬਜ਼ ਹੈ।
ਭਾਰਤੀਆਂ ਨੇ ਕੁਆਲੀਫਿਕੇਸ਼ਨ ਗੇੜ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਵਿੱਚ ਈਸ਼ਾ ਨੇ 290 ਤੇ ਨਰਵਾਲ ਨੇ 293 ਅੰਕ ਬਣਾਏ। ਹਾਲਾਂਕਿ, ਭਾਰਤ ਦੇ ਰਾਈਫਲ ਨਿਸ਼ਾਨੇਬਾਜ਼ਾਂ ਨੇ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਮੁਕਾਬਲੇ ਵਿੱਚ ਵਧੀਆ ਪ੍ਰਦਰਸ਼ਨ ਨਹੀਂ ਕੀਤਾ ਅਤੇ ਉਹ ਕੁਆਲੀਫਿਕੇਸ਼ਨ ਗੇੜ ਦਾ ਅੜਿੱਕਾ ਵੀ ਪਾਰ ਨਹੀਂ ਕਰ ਸਕੇ। ਰਾਈਫਲ ਮਿਕਸਡ ਟੀਮ ਵਿੱਚ ਮੇਹੁਲੀ ਘੋਸ਼ (316.0) ਅਤੇ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ (314.2) ਦੀ ਜੋੜੀ ਨੇ ਕੁੱਲ 630.2 ਦਾ ਸਕੋਰ ਬਣਾਇਆ ਅਤੇ ਕੁਆਲੀਫਿਕੇਸ਼ਨ ਗੇੜ ’ਚ ਨੌਵੇਂ ਸਥਾਨ ’ਤੇ ਰਹੇ। ਉਧਰ, ਰਮਿਤਾ (313.7) ਅਤੇ ਦਿਵਿਆਂਸ਼ ਸਿੰਘ ਪੰਵਾਰ (314.6) ਦੀ ਦੂਜੀ ਭਾਰਤੀ ਜੋੜੀ ਕੁੱਲ 628.3 ਦਾ ਸਕੋਰ ਬਣਾ ਕੇ 77 ਟੀਮਾਂ ਵਿੱਚ 17ਵੇਂ ਸਥਾਨ ’ਤੇ ਰਹੀ। ਮਹਿਲਾਵਾਂ ਦੇ ਸਕੀਟ ਮੁਕਾਬਲੇ ਵਿੱਚ ਪਰਿਨਾਜ਼ ਧਾਲੀਵਾਲ (118), ਗਨੀਮਤ ਸੇਖੋਂ (118) ਅਤੇ ਦਰਸ਼ਾ ਰਾਠੌਰ (115) ਦੀ ਟੀਮ 351 ਅੰਕ ਬਣਾ ਕੇ ਕਾਂਸੀ ਤਗ਼ਮਾ ਜਿੱਤਣ ਵਾਲੀ ਸਲੋਵਾਕੀਆ (359) ਤੋਂ ਬਾਅਦ ਚੌਥੇ ਸਥਾਨ ’ਤੇ ਰਹੀ।