ਪਟਿਆਲਾ, 25 ਅਗਸਤ
ਪੰਜਾਬੀ ਯੂਨੀਵਰਸਿਟੀ ਦੇ ਸ਼ੂਟਰ ਅਮਨਪ੍ਰੀਤ (ਗੈਰੀ) ਨੇ ਅਜ਼ਰਬਾਇਜਾਨ ਦੇ ਬਾਕੂ ਵਿੱਚ ਆਈਐੱਸਐੱਸਐੱਫ ਵਿਸ਼ਵ ਚੈਂਪੀਅਨਸ਼ਿਪ 2023 ਦੇ ਸਟੈਂਡਰਡ ਪਿਸਟਲ ਸੀਨੀਅਰ ਪੁਰਸ਼ ਮੁਕਾਬਲੇ ’ਚ ਵਿਅਕਤੀਗਤ ਪੱਧਰ ’ਤੇ ਸੋਨ ਤਗ਼ਮਾ ਜਿੱਤ ਲਿਆ ਹੈ। ਇਸ ਤਰ੍ਹਾਂ ਉਹ ਪੰਜਾਬ ਦਾ ਤੀਜਾ ਵਿਸ਼ਵ ਚੈਂਪੀਅਨ ਸ਼ੂਟਰ ਬਣ ਗਿਆ ਹੈ। ਪੰਜਾਬ ਵਿੱਚ ਇਸ ਤੋਂ ਪਹਿਲਾਂ ਅਭਿਨਵ ਨੂੰ ‘ਏਅਰ ਰਾਈਫਲ’ ਅਤੇ ਮਾਨਵਜੀਤ ਨੂੰ ‘ਟਰੈਪ’ ਵਰਗ ਵਿੱਚ ਵਿਸ਼ਵ ਚੈਂਪੀਅਨ ਸ਼ੂਟਰ ਹੋਣ ਦਾ ਮਾਣ ਹਾਸਲ ਹੈ। ਇਸ ਦੌਰਾਨ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਵਿਸ਼ਵ ਚੈਂਪੀਅਨ ਬਣੇ ਅਮਨਪ੍ਰੀਤ ਸਿੰਘ ਨੂੰ ਮੁਬਾਰਕਬਾਦ ਦਿੱਤੀ ਹੈ। ਖ਼ਬਰ ਏਜੰਸੀ ‘ਪੀਟੀਆਈ’ ਮੁਤਾਬਕ ਭਾਰਤ ਨੇ ਮਹਿਲਾ ਸਟੈਂਡਰਡ ਪਿਸਟਲ ਟੀਮ ਮੁਕਾਬਲੇ ਵਿੱਚ ਵੀ ਕਾਂਸੇ ਦਾ ਤਗ਼ਮਾ ਜਿੱਤਿਆ। ਭਾਰਤ ਇਸ ਚੈਂਪੀਅਨਸ਼ਿਪ ਵਿੱਚ ਹੁਣ ਤੱਕ ਪੰਜ ਸੋਨ ਅਤੇ ਚਾਰ ਕਾਂਸੇ ਦੇ ਤਗਮੇ ਜਿੱਤ ਕੇ ਤਗਮਾ ਸੂਚੀ ਵਿੱਚ ਚੀਨ ਤੋਂ ਬਾਅਦ ਦੂਜੇ ਸਥਾਨ ’ਤੇ ਹੈ।