ਜੈਪੁਰ, 14 ਦਸੰਬਰ
ਪੇਸ਼ੇਵਰ ਸਰਕਟ ਵਿੱਚ ਸਿਰਫ ਦੋ ਸਾਲ ਪਹਿਲਾਂ ਸ਼ੁਰੂਆਤ ਕਰਨ ਵਾਲੇ ਭਾਰਤ ਦੇ ਸਟਾਰ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਕਿਹਾ ਕਿ ਉਹ ਹੁਣ ਤੱਕ ਜਿੱਤੇ ਦੋ ਖਿਤਾਬਾਂ ਤੋਂ ਸੰਤੁਸ਼ਟ ਹੈ ਅਤੇ ਅਗਲੇ ਸਾਲ ਵਿਸ਼ਵ ਖ਼ਿਤਾਬ ਜਿੱਤਣ ਦੀ ਮੁਹਿੰਮ ਵਿੱਚ ਕੋਈ ਵੀ ਕਦਮ ਕਾਹਲੀ ਵਿੱਚ ਨਹੀਂ ਪੁੱਟੇਗਾ। ਵਿਜੇਂਦਰ ਨੇ ਹੁਣ ਤਕ 9 ਮੁਕਾਬਲੇ ਲੜੇ ਹਨ ਅਤੇ ਸਾਰੇ ਹੀ ਜਿੱਤੇ ਹਨ। ਉਸ ਨੇ ਕਿਹਾ ਕਿ ਉਹ ਦੋ ਖ਼ਿਤਾਬਾਂ ਤੋਂ ਸੰਤੁਸ਼ਟ ਹੈ। ਉਸਨੇ ਡਬਲਿਊਬੀਓ ਏਸ਼ੀਆ ਪੈਸੇਫਿਕ ਅਤੇ ਓਰੀਐਂਟਲ ਸੁਪਰ ਮਿਡਲਵੇਟ ਆਪਣੇ ਨਾਂਅ ਕੀਤੇ ਹਨ। ਉਹ 23 ਦਸੰਬਰ ਨੂੰ ਇੱਥੇ ਘਾਨਾ ਦੇ ਅਰਨੈਸਟ ਐਮੂਜੂ ਦੇ ਨਾਲ ਖੇਡੇਗਾ। ਅੇਮੂਜੂ ਨੇ 25 ਵਿੱਚੋਂ 21 ਮੁਕਾਬਲੇ ਜਿੱਤੇ ਹਨ। ਵਿਜੇਂਦਰ ਨੇ ਕਿਹਾ ਕਿ ਉਹ ਸ਼ਾਨਦਾਰ ਮੁੱਕੇਬਾਜ਼ ਹੈ ਅਤੇ ਏਸ਼ੀਆ ਵਿੱਚ ਉਸਦਾ ਪਹਿਲਾ ਮੁਕਾਬਲਾ ਹੋਣਾ ਹੈ। ਉਹ ਜਿੱਤ ਨੂੰ ਬੇਤਾਬ ਹੋਵੇਗਾ। ਉਨ੍ਹਾਂ ਕਿਹਾ ਕਿ ਜੈਪੁਰ ਦੀਆਂ ਸੁਨਹਿਰੀ ਯਾਦਾਂ ਉਸਦੇ ਜ਼ਿਹਨ ਵਿੱਚ ਹਨ ਕਿਉਂਕਿ ਰੇਲਵੇ ਵਿੱਚ ਟੀਸੀ ਰਹਿੰਦਿਆਂ ਉਸ ਨੇ ਕੁੱਝ ਮਹੀਨੇ ਇੱਥੇ ਬਿਤਾਏ ਹਨ।
ਵੀਜੇਂਦਰ ਨੇ ਕਿਹਾ ਕਿ ਉਹ ਆਪਣੇ ਦਸਵੇਂ ਪੇਸ਼ੇਵਰ ਮੁਕਾਬਲੇ ਲਈ ਕਾਫੀ ਮਿਹਨਤ ਕਰ ਰਿਹਾ ਹੈ।‘ ਮੈਂ ਲਾਜ਼ਮੀ ਤੌਰ ਉੱਤੇ ਉਸ ਨੂੰ ਹਰਾ ਦੇਵਾਂਗਾ ਕਿਉਂਕਿ ਸਿੰਘ ਇਜ਼ ਕਿੰਗ।
ਆਉਣ ਵਾਲੇ ਸੈਸ਼ਨ ਬਾਰੇ ਉਸ ਨੇ ਕਿਹਾ,‘ ਮੈਨੂੰ ਕੋਈ ਕਾਹਲ ਨਹੀਂ। ਮੈਂ ਹੌਲੀ ਹੌਲੀ ਅੱਗੇ ਵਧਾਂਗਾ। ਹਰ ਦੌਰ ਮੇਰੇ ਲਈ ਫਾਈਨਲ ਦੀ ਤਰ੍ਹਾਂ ਹੈ। ਮੈਂ ਅਗਲੇ ਸਾਲ ਵਿਸ਼ਵ ਖ਼ਿਤਾਬ ਜਿੱਤਾਂਗਾ।’ ਵੀਜੇਂਦਰ ਨੂੰ ਜਦੋਂ ਉਸਦੇ ਪੇਸ਼ੇਵਰ ਕਰੀਅਰ ਦੇ ਮੁਸ਼ਕਿਲ ਭਰੇ ਪਲਾਂ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਉਸ ਲਈ ਪਹਿਲਾ ਮੁਕਾਬਲਾ ਸਭ ਤੋਂ ਮੁਸ਼ਕਿਲ ਸੀ ਕਿਉਂਕਿ ਉਸ ਨੇ ਇਹ ਸਾਬਿਤ ਕਰਨਾ ਸੀ ਕਿ ਪੇਸ਼ੇਵਰ ਮੁੱਕੇਬਾਜ਼ੀ ਚੁਣਨ ਦਾ ਉਸਦਾ ਫੈਸਲਾ ਸਹੀ ਸੀ।