ਪੈਰਿਸ, 14 ਦਸੰਬਰ
ਅਰਜਨਟੀਨਾ ਦੇ ਸੁਪਰ ਸਟਾਰ ਫੁਟਬਾਲਰ ਲਿਓਨਲ ਮੈਸੀ ਦੇ 2014 ਦੇ ਫੁਟਬਾਲ ਵਿਸ਼ਵ ਕੱਪ ਦੇ ਜ਼ਖ਼ਮ ਸ਼ਾਇਦ ਨਾ ਭਰਨ ਪਰ ਮੈਸੀ ਉਮੀਦ ਕਰਦਾ ਹੈ ਕਿ ਉਹ 2018 ਦਾ ਵਿਸ਼ਵ ਕੱਪ ਜਿੱਤਣ ਵਿੱਚ ਕਾਮਯਾਬ ਹੋਣਗੇ, ਜੋ ਉਨ੍ਹਾਂ ਦਾ ਹੱਕ ਬਣਦਾ ਹੈ। ਦੁਨੀਆਂ ਦੇ ਪ੍ਰਸਿੱਧ ਫੁੱਟਬਾਲਰ ਮੈਸੀ ਨੂੰ 2014 ਦੇ ਫਾਈਨਲ ਵਿੱਚ ਇੱਕ ਗੋਲ ਨਾਲ ਹਾਰ ਜਾਣ ਦਾ ਮਲਾਲ ਹੈ, ਜਰਮਨੀ ਕੋਲੋਂ ਮਿਲੀ ਹਾਰ ਉਸਨੂੰ ਭੁੱਲਦੀ ਨਹੀਂ ਪਰ 2018 ਵਿੱੱਚ ਵਿਸ਼ਵ ਕੱਪ ਜਿੱਤ ਕੇ ਉਹ ਇਸ ਹਾਰ ਦੇ ਜ਼ਖ਼ਮਾਂ ਨੂੰ ਭਰਨਾ ਚਾਹੁੰਦਾ ਹੈ।
ਮੈਸੀ ਨੇ ਫੀਫਾ ਡਾਟਕਾਮ ਨੂੰ ਦਿੱਤੀ ਇੰਟਰਵਿਊ ਵਿੱਚ ਕਿਹਾ ਕਿ ਉਹ ਨਹੀਂ ਜਾਣਦਾ ਕਿ ਉਹ ਜ਼ਖ਼ਮ ਭਰਨਗੇ ਜਾਂ ਨਹੀਂ। ਅਸੀਂ ਇਸ ਦੇ ਨਾਲ ਹੀ ਜਿਉਣਾ ਹੈ। ਵਿਸ਼ਵ ਕੱਪ ਇੱਕ ਚੰਗੀ ਅਤੇ ਇੱਕ ਬੁਰੀ ਯਾਦ ਵੀ ਹੈ। ਅਰਜਨਟੀਨਾ ਨੂੰ ਕੋਪਾ ਅਮਰੀਕਾ ਫਾਈਨਲ ਵਿੱਚ ਵੀ ਚਿਲੀ ਨੇ ਹਰਾਇਆ ਸੀ , ਇਸ ਤੋਂ ਬਾਅਦ ਇਹ ਸਵਾਲ ਉਠਣ ਲੱਗੇ ਸਨ ਕਿ ਕੌਮੀ ਟੀਮ ਵਿੱਚ ਮੈਸੀ ਵਧੀਆ ਨਹੀਂ ਖੇਡਦਾ। ਉਸ ਨੇ ਮਾੜੇ ਪ੍ਰਦਰਸ਼ਨ ਨਾਲ ਜੂਝ ਰਹੀ ਅਰਜਨਟੀਨਾ ਦੀ ਟੀਮ ਨੂੰ ਇਕੱਲਿਆਂ ਹੀ 2018 ਮੁੱਖ ਡਰਾਅ ਵਿੱਚ ਥਾਂ ਦਿਵਾ ਕੇ ਆਪਣੇ ਆਲੋਚਕਾਂ ਦੇ ਮੂੰਹ ਬੰਦ ਕਰਵਾ ਦਿੱਤੇ ਹਨ। ਇਕਵਾਡੋਰ ਵਿਰੁੱਧ ਕਰੋ ਜਾਂ ਮਰੋ ਦੀ ਸਥਿੱਤੀ ਵਿੱਚ ਇਕੱਲੇ ਮੈਸੀ ਨੇ ਹੈਟ੍ਰਿਕ ਲਾ ਕੇ ਟੀਮ ਨੂੰ ਜਿੱਤ ਦਿਵਾਈ ਜਿਸ ਦੇ ਸਿਰ ਉੱਤੇ ਅਰਜਨਟੀਨਾ ਵਿਸ਼ਵ ਕੱਪ ਵਿੱਚ ਥਾਂ ਹਾਸਲ ਕਰ ਸਕਿਆ।
ਕੋਚ ਜਾਰਜ ਸੰਪੌਲੀ ਨੇ ਕਿਹਾ ਕਿ ਮੈਸੀ ਫੁਟਬਾਲ ਵਿਸ਼ਵ ਕੱਪ ਦਾ ਹੱਕਦਾਰ ਹੈ। ਜਦੋਂ ਕੋਚ ਦੀ ਇਸ ਟਿੱਪਣੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਸਨੇ ਵੀ ਅਜਿਹਾ ਸੁਣਿਆ ਹੈ ਅਤੇ ਕੋਚ ਨੇ ਉਸ ਨੂੰ ਵੀ ਅਜਿਹਾ ਹੀ ਕਿਹਾ ਸੀ।